Case registered against 45 people : ਮੋਹਾਲੀ ਵਿਖੇ ਕੰਢੀ ਖੇਤਰ ਅਧੀਨ ਪੈਂਦੇ ਪਿੰਡਾਂ ਵਿਚ ਹੋ ਰਹੀ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿਚ 45 ਲੋਕਾਂ ’ਤੇ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿਚ ਪੰਜਾਬ ਦੇ ਸਾਬਕਾ ਡੀਜੀਪੀ ਪਰਮਦੀਪ ਸਿੰਘ ਗਿੱਲ ਵੀ ਸ਼ਾਮਲ ਹਨ। ਮਿਲੀ ਜਾਣਕਾਰੀ ਮੁਤਾਬਕ ਇਸ ਸਬੰਧੀ ਜ਼ਿਲਾ ਖਨਨ ਅਧਿਕਾਰੀ ਨੇ 2019 ਵਿਚ ਸੈਨੀਮਾਜਰਾ ਵਿਚ ਨਾਜਾਇਜ਼ ਮਾਈਨਿੰਗ ਦੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਇਸ ਮਾਮਲੇ ਵਿਚ ਅਜੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।
ਦੱਸਣਯੋਗ ਹੈ ਕਿ ਜਿਸ ਜ਼ਮੀਨ ’ਤੇ ਨਾਜਾਇਜ਼ ਮਾਈਨਿੰਗ ਦੀ ਪੁਸ਼ਟੀ ਹੋਈ ਹੈ ਉਹ ਸਾਬਕਾ ਡੀਜੀਪੀ ਗਿੱਲ ਸਣੇ ਹੋਰ ਕਿਸਾਨਾਂ ਦੇ ਨਾਂ ’ਤੇ ਹੈ। ਦੱਸ ਦੇਈਏ ਕਿ ਪਰਮਦੀਪ ਸਿੰਘ ਗਿੱਲ 1974 ਬੈਚ ਦੇ ਜੰਮੂ-ਕਸ਼ਮੀਰ ਕੈਡਰ ਦੇ ਆਈਪੀਐਸ ਅਧਿਕਾਰੀ ਹਨ। ਅਕਾਲੀ ਦਲ-ਬੀਜੇਪੀ ਦੀ ਗਠਬੰਧਨ ਸਰਕਾਰ ਵਿਚ 2009 ਵਿਚ ਉਨ੍ਹਾਂ ਨੂੰ ਪੰਜਾਬ ਦਾ ਡੀਜੀਪੀ ਨਿਯੁਕਤ ਕੀਤਾ ਗਿਆ ਸੀ ਅਤੇ 2011 ਵਿਚ ਉਹ ਰਿਟਾਇਰ ਹੋਏ ਸਨ। 2012 ਵਿਚ ਉਨ੍ਹਾਂ ਨੇ ਮੋਗਾ ਤੋਂ ਅਕਾਲੀ ਦਲ ਤੋਂ ਵਿਧਾਨ ਸਭਾ ਚੋਣਾਂ ਵੀ ਲੜੀਆਂ ਸਨ। ਦੱਸਣਯੋਗ ਹੈ ਕਿ ਸਾਬਕਾ ਡੀਜੀਪੀ ਪਿੰਡ ਸੈਨੀਮਾਜਰਾ ਵਿਚ ਲਗਭਗ 150 ਏਕੜ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਵੀ ਕਾਫੀ ਛਰਚਾ ਵਿਚ ਰਹੇ ਹਨ ਜਿਸ ਨੂੰ ਲੈ ਕੇ ਉਨ੍ਹਾਂ ਨੂੰ ਵੱਡੀ ਪੱਧਰ ’ਤੇ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਮਾਜਰੀ ਥਾਣੇ ਦੇ ਐਸਐਚਓ ਹਿੰਮਤ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਥਾਣੇ ਵਿਚ ਦਰਜ ਹੋਇਆ ਹੈ ਪਰ ਪਰਮਦੀਪ ਸਿੰਘ ਗਿੱਲ ਦੇ ਸਾਬਕਾ ਡੀਜੀਪੀ ਹੋਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਕਿਉਂਕਿ ਐਫਆਈਆਰ ਵਿਚ ਸਿਰਫ ਉਨ੍ਹਾਂ ਦਾ ਨਾਂ ਹੀ ਲਿਖਿਆ ਗਿਆ ਸੀ ਉਸ ਵਿਚ ਉਨ੍ਹਾਂ ਦੇ ਅਹੁਦੇ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ।
ਦੱਸਣਯੋਗ ਹੈ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਐਸਡੀਐਮ ਖਰੜ ਦੀ ਅਗਵਾਈ ਵਿਚ ਇਕ ਕਮੇਟੀ ਗਠਿਤ ਕੀਤੀ ਗਈ ਸੀ, ਜਿਸ ਨੇ 23 ਅਪ੍ਰੈਲ 2019 ਨੂੰ ਸੈਨੀ ਮਾਜਰਾ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਨੇ ਆਪਣੀ ਰਿਪੋਰਟ ਵਿਚ ਨਾਜਾਇਜ਼ ਮਾਈਨਿੰਗ ਦੀ ਪੁਸ਼ਟੀ ਕੀਤੀ ਸੀ। ਜ਼ਿਕਰਯੋਗ ਹੈ ਕਿ ਇਸ ਸਬੰਧੀ ਖਨਨ ਵਿਭਾਗ ਵੱਲੋਂ ਪੂਰਾ ਰਿਕਾਰਡ ਪੁਲਿਸ ਵੱਲੋਂ ਮੁਹੱਈਆ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਹੀ ਇਹ ਕਾਰਵਾਈ ਕੀਤੀ ਜਾ ਸਕੀ ਹੈ।