ਆਂਧਰਾ ਪ੍ਰਦੇਸ਼ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਸੋਮੂ ਵੀਰਰਾਜੂ ਨੇ ਵਾਅਦਾ ਕੀਤਾ ਹੈ ਕਿ ਜੇਕਰ ਆਂਧਰਾ ਪ੍ਰਦੇਸ਼ ‘ਚ ਭਾਜਪਾ ਸੱਤਾ ‘ਚ ਆਉਂਦੀ ਹੈ ਤਾਂ ਸਰਕਾਰ ‘ਗੁਣਵੱਤਾ’ ਵਾਲੀ ਸ਼ਰਾਬ 50 ਰੁਪਏ ਪ੍ਰਤੀ ਬੋਤਲ ‘ਤੇ ਵੇਚੇਗੀ।
ਮੌਜੂਦਾ ਸਮੇਂ ਵਿੱਚ ਮਿਆਰੀ (ਗੁਣਵੱਤਾ) ਸ਼ਰਾਬ ਦੀ ਇੱਕ ਚੌਥਾਈ ਬੋਤਲ 200 ਰੁਪਏ ਤੋਂ ਵੱਧ ਵਿੱਚ ਵਿਕਦੀ ਹੈ। ਮੰਗਲਵਾਰ ਨੂੰ ਵਿਜੇਵਾੜਾ ਵਿੱਚ ਪਾਰਟੀ ਦੀ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ, ਵੀਰਰਾਜੂ ਨੇ ਲੋਕਾਂ ਨੂੰ “ਮਾੜੀ” ਗੁਣਵੱਤਾ ਵਾਲੀ ਸ਼ਰਾਬ ਮਹਿੰਗੇ ਭਾਅ ‘ਤੇ ਵੇਚਣ ਲਈ ਰਾਜ ਸਰਕਾਰ ‘ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਵਿੱਚ ਸਾਰੇ ਨਕਲੀ ਬਰਾਂਡ ਮਹਿੰਗੇ ਭਾਅ ’ਤੇ ਵਿਕਦੇ ਹਨ, ਜਦਕਿ ਮਸ਼ਹੂਰ ਬਰਾਂਡ ਉਪਲਬਧ ਨਹੀਂ ਹਨ।
ਭਾਜਪਾ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਸੂਬੇ ਦਾ ਹਰ ਵਿਅਕਤੀ ਸ਼ਰਾਬ ‘ਤੇ ਪ੍ਰਤੀ ਮਹੀਨਾ 12 ਹਜ਼ਾਰ ਰੁਪਏ ਖਰਚ ਕਰ ਰਿਹਾ ਹੈ, ਜੋ ਉਨ੍ਹਾਂ ਨੂੰ ਸਰਕਾਰ ਵੱਲੋਂ ਫਿਰ ਤੋਂ ਕਿਸੇ ਨਾ ਕਿਸੇ ਸਕੀਮ ਦੇ ਨਾਂ ‘ਤੇ ਦਿੱਤਾ ਜਾਂਦਾ ਹੈ। ਵੀਰਰਾਜੂ ਨੇ ਕਿਹਾ ਕਿ ਸੂਬੇ ‘ਚ ਇੱਕ ਕਰੋੜ ਲੋਕ ਸ਼ਰਾਬ ਦਾ ਸੇਵਨ ਕਰ ਰਹੇ ਹਨ ਅਤੇ ਉਹ ਚਾਹੁੰਦੇ ਹਨ ਕਿ 2024 ਦੀਆਂ ਚੋਣਾਂ ‘ਚ ਇੱਕ ਕਰੋੜ ਲੋਕ ਭਾਜਪਾ ਨੂੰ ਵੋਟ ਦੇਣ। ਉਨ੍ਹਾਂ ਵਾਅਦਾ ਕੀਤਾ ਕਿ ‘ਕੁਆਲਿਟੀ’ ਸ਼ਰਾਬ 75 ਰੁਪਏ ਪ੍ਰਤੀ ਬੋਤਲ ਦੇ ਹਿਸਾਬ ਨਾਲ ਮਿਲੇਗੀ ਅਤੇ ਜੇਕਰ ਮਾਲੀਆ ਵਧਿਆ ਤਾਂ 50 ਰੁਪਏ ਪ੍ਰਤੀ ਬੋਤਲ ਦੇ ਹਿਸਾਬ ਨਾਲ ਵੇਚੀ ਜਾਵੇਗੀ।
ਇਹ ਵੀ ਪੜ੍ਹੋ : ਕਾਨਪੁਰ ‘ਚ ਪਰਫਿਊਮ ਵਪਾਰੀ ਤੋਂ ਬਾਅਦ ਬਨਸਪਤੀ ਘਿਓ ਬਣਾਉਣ ਵਾਲੇ ਦੇ ਘਰ ‘ਤੇ ਪਈ ਰੇਡ
ਵੀਰਰਾਜੂ ਨੇ ਅਜੀਬ ਵਾਅਦਾ ਕਰਦੇ ਹੋਏ ਕਿਹਾ, ‘ਭਾਰਤੀ ਜਨਤਾ ਪਾਰਟੀ ਨੂੰ ਇੱਕ ਕਰੋੜ ਵੋਟ ਦਿਓ। ਅਸੀਂ ਸਿਰਫ਼ 70 ਰੁਪਏ ਵਿੱਚ ਸ਼ਰਾਬ ਦੇਵਾਂਗੇ। ਜੇਕਰ ਸਾਡੇ ਕੋਲ ਹੋਰ ਮਾਲੀਆ ਬਚਿਆ, ਤਾਂ ਅਸੀਂ ਸਿਰਫ਼ 50 ਰੁਪਏ ਵਿੱਚ ਸ਼ਰਾਬ ਮੁਹੱਈਆ ਕਰਵਾਵਾਂਗੇ।’ ਭਾਜਪਾ ਦੇ ਸੂਬਾ ਪ੍ਰਧਾਨ ਨੇ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਦੇ ਆਗੂਆਂ ਕੋਲ ਸ਼ਰਾਬ ਦੀਆਂ ਫੈਕਟਰੀਆਂ ਹਨ ਜੋ ਸਰਕਾਰ ਨੂੰ ਸਸਤੀ ਸ਼ਰਾਬ ਸਪਲਾਈ ਕਰਦੀਆਂ ਹਨ। ਸੋਮੂ ਵੀਰਰਾਜੂ ਨੇ ਵੀ ਵਾਅਦਾ ਕੀਤਾ ਕਿ ਜੇਕਰ ਭਾਜਪਾ ਸੱਤਾ ‘ਚ ਆਉਂਦੀ ਹੈ ਤਾਂ ਸੂਬੇ ‘ਚ ਲੋਕਾਂ ਨੂੰ ਮੁਫਤ ਸਿੱਖਿਆ ਅਤੇ ਮੁਫਤ ਸਿਹਤ ਯੋਜਨਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਸੂਬੇ ਵਿੱਚ ਮਿਆਰੀ ਸਿੱਖਿਆ ਅਤੇ ਮਿਆਰੀ ਸਿਹਤ ਸਹੂਲਤਾਂ ਦੇਣ ਦਾ ਵਾਅਦਾ ਕਰਦਿਆਂ ਕਿਹਾ ਕਿ ਖੇਤੀ ਦਾ ਬਦਲ ਵੀ ਲਿਆਂਦਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: