ਚੰਡੀਗੜ੍ਹ : ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਬਾਦਲ ਨੇ ਅੱਜ ਕੇਂਦਰ ਤੇ ਰਾਜ ਸਰਕਾਰਾਂ ਨੁੰ ਆਖਿਆ ਕਿ ਉਹ ਉਲੰਪਿਕ ਦੇ ਮੈਡਲ ਜਿੱਤਣ ਵਾਲਿਆਂ ਦੇ ਨਾਲ ਨਾਲ ਇਹਨਾਂ ਵਿਚ ਭਾਗ ਲੈਣ ਵਾਲੇ ਹਰ ਉਸ ਖਿਡਾਰੀ ਦਾ ਸਨਮਾਨ ਕਰਨ ਜਿਸਨੇ ਟੋਕੀਓ ਉਲੰਪਿਕ ਖੇਡਾਂ ਵਿਚ ਦੇਸ਼ ਦੀ ਪ੍ਰਤੀਨਿਧਤਾ ਕੀਤੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ. ਬਾਦਲ ਨੇ ਕਿਹਾ ਕਿ ਸਰਕਾਰਾਂ ਸਿਰਫ ਤਮਗੇ ਜਿੱਤਣ ਵਾਲਿਆਂ ’ਤੇ ਹੀ ਧਿਆਨ ਕੇਂਦਰਿਤ ਕਰਕੇ ਆਪਣਾ ਨਾਂ ਚਮਕਾਉਣ ਦੇ ਚੱਕਰਾਂ ‘ਚ ਹੀ ਨਾ ਪੈ ਜਾਣ। ਉਨ੍ਹਾਂ ਕਿਹਾ ਕਿ ਸਾਡੇ ਮੈਡਲ ਜੇਤੂ ਵਡਿਆਈ ਲੈਣ ਤੇ ਸ਼ਲਾਘਾ ਹਾਸਲ ਕਰਨ ਦੇ ਪਾਤਰ ਹਨ ਪਰ ਚੈਂਪੀਅਨਾਂ ਦੇ ਸਨਮਾਨ ਦੇ ਚੱਕਰ ਵਿਚ ਸਾਨੂੰ ਉਹਨਾਂ ਖਿਡਾਰੀਆਂ ਨੂੰ ਨਹੀਂ ਭੁੱਲਣਾ ਚਾਹੀਦਾ ਜਿਹਨਾਂ ਨੇ ਦਲੇਰੀ ਨਾਲ ਮੈਡਲ ਦੀ ਲੜਾਈ ਲੜੀ ਪਰ ਕੁਝ ਪਲਾਂ ਦੇ ਫਰਕ ਨਾਲ ਮੈਡਲ ਹਾਰ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਸਾਹਸ ਤੇ ਦਲੇਰੀ ਵੀ ਦੁਨੀਆਂ ਵਿਚ ਕਿਸੇ ਨਾਲੋਂ ਘੱਟ ਨਹੀਂ ਹੈ। ਉਹ ਨਾਂ ਕਿਹਾ ਕਿ ਸਾਨੂੰ ਭਾਵੇਂ ਆਪਣੇ ਮੈਡਲ ਜੇਤੂਆਂ ਦਾ ਸਨਮਾਨ ਕਰਨਾ ਚਾਹੀਦਾ ਹੈ ਪਰ ਦੇਸ਼ ਦਾ ਮਾਣ ਵਧਾਉਣ ਵਾਲੇ ਹੋਰ ਦਲੇਰ ਖਿਡਾਰੀਆਂ ਦੀ ਵੀ ਹੌਂਸਲਾ ਅਫਜ਼ਾਈ ਕਰਨੀ ਚਾਹੀਦੀ ਹੈ।
ਸ. ਬਾਦਲ ਨੇ ਕਿਹਾ ਕਿ ਸਾਡੀਆਂ ਹਾਕੀ ਖਿਡਾਰਣਾਂ ਅਸਲ ਵਿਸ਼ਵ ਚੈਂਪੀਅਨ ਵਾਂਗ ਖੇਡੀਆਂ ਤੇ ਸਿਰਫ ਕਿਸਮਤ ਖੁਣੋਂ ਮੈਡਲ ਹਾਸਲ ਕਰਨ ਤੋਂ ਖੁੰਝ ਗਈਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਲੰਪਿਕਸ ਵਿਚ ਆਪਣੀ ਕਾਰਗੁਜ਼ਾਰੀ ਨਾਲ ਆਸਟਰੇਲੀਆ ਸਮੇਤ ਹਰ ਟੀਮ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਮੈਡਲ ਜਿੱਤਣ ਦੇ ਬਿਲਕੁਲ ਨੇੜੇ ਪਹੁੰਚ ਗਈਆਂ ਸਨ ਜਿਹਨਾਂ ’ਤੇ ਮੈਨੁੰ ਮਾਣ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਮੈਨੁੰ ਪੁਰਸ਼ ਹਾਕੀ ਟੀਮ ’ਤੇ ਵੀ ਮਾਣ ਹੈ। ਇਹਨਾਂ ਦੋਹਾਂ ਨੂੰ ਮੈਂ ਗੋਲਡਨ ਗਰਲ ਤੇ ਗੋਲਡਨ ਬੁਆਇਜ਼ ਵਾਂਗੂ ਵੇਖਦਾ ਹਾਂ।
ਦੇਸ਼ ਦੇ ਲੋਕਾਂ ਵਿਚ ਸਾਡੇ ਖਿਡਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਭਾਵੁਕ ਹੋਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਵਾਸਤੇ ਇਹ ਜਾਨਣਾ ਤੇ ਮਹਿਸੂਸ ਕਰਨਾ ਜ਼ਰੂਰੀ ਹੈ ਕਿ ਦੇਸ਼ ਉਹਨਾਂ ਨਾਲ ਡੱਟ ਕੇ ਖੜ੍ਹਾ ਹੈ ਤੇ ਉਹਨਾਂ ਵੱਲੋਂ ਲੜੀ ਗਈ ਲੜਾਈ ਦੀ ਪੂਰੀ ਸ਼ਲਾਘਾ ਕਰਦਾ ਹੈ। ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਾਡੀ ਸਾਰੀ ਟੁਕੜੀ ਦੀ ਸ਼ਲਾਘਾ ਕਰਨੀ ਬਣਦੀ ਹੈ ਤੇ ਮੈਂ ਸਭ ਨੁੰ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਤੁਸੀਂ ਸਾਰੇ ਹੀ ਸਾਡੇ ਹੀਰੋ ਹੋ।