ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਬਰਖ਼ਾਸਤ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਖ਼ਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਗਈ ਹੈ। ਸਿੰਗਲਾ ਨੂੰ 2 ਮਹੀਨੇ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਬਰਖਾਸਤ ਕਰ ਦਿੱਤਾ ਸੀ, ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਮੁਸਤੈਦੀ ਦਿਖਾਉਂਦੇ ਹੋਏ ਇਹ ਕਾਰਵਾਈ ਕੀਤੀ ਹੈ।
ਫਿਲਹਾਲ ਸਿੰਗਲਾ ਅਤੇ ਉਨ੍ਹਾਂ ਦੇ ਓ.ਐੱਸ.ਡੀ. ਪ੍ਰਦੀਪ ਕੁਮਾਰ ਖ਼ਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਗਈ ਹੈ। ਸਿੰਗਲਾ ਫਿਲਹਾਲ ਜ਼ਮਾਨਤ ‘ਤੇ ਬਾਹਰ ਹਨ। ਉਹ ਮਾਨਸਾ ਵਿੱਚ ਵਿਧਾਇਕ ਹੋਣ ਦੇ ਨਾਤੇ ਲਗਾਤਾਰ ਸਿਆਸੀ ਸਰਗਰਮੀਆਂ ਵਿੱਚ ਸ਼ਾਮਲ ਹਨ।
ਡਾ. ਵਿਜੇ ਸਿੰਗਲਾ ‘ਤੇ ਦੋਸ਼ ਸੀ ਕਿ ਉਹ ਵਿਭਾਗ ਦੇ ਟੈਂਡਰ ਸਣੇ ਹਰ ਕੰਮ ‘ਚ 1 ਫੀਸਦੀ ਕਮਿਸ਼ਨ ਮੰਗ ਰਹੇ ਸਨ। ਵਿਭਾਗ ਦੇ ਇੰਜੀਨੀਅਰ ਨੇ ਇਸ ਦੀ ਸ਼ਿਕਾਇਤ ਸੀ.ਐੱਮ. ਭਗਵੰਤ ਮਾਨ ਨੂੰ ਕੀਤੀ। ਰਿਸ਼ਵਤ ਮੰਗਣ ਦੀ ਰਿਕਾਰਡਿੰਗ ਵੀ ਮੁੱਖ ਮੰਤਰੀ ਤੱਕ ਪਹੁੰਚੀ।
ਸੀ.ਐੱਮ. ਮਾਨ ਨੇ ਦਾਅਵਾ ਕੀਤਾ ਸੀ ਕਿ ਜਦੋਂ ਉਨ੍ਹਾਂ ਸਿੰਗਲਾ ਨੂੰ ਫੋਨ ਕਰਕੇ ਪੁੱਛਿਆ ਤਾਂ ਉਨ੍ਹਾਂ ਨੇ ਗੁਨਾਹ ਕਬੂਲ ਕਰ ਲਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰ ਦਿੱਤਾ ਗਿਆ ਅਤੇ ਭ੍ਰਿਸ਼ਟਾਚਾਰ ਵਿਰੋਧੀ ਕੇਸ ਦਾਇਰ ਕੀਤਾ ਗਿਆ। ਵਿਜੀਲੈਂਸ ਨੇ ਥੋੜ੍ਹੀ ਦੇਰ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਡਾਕਟਰ ਵਿਜੇ ਸਿੰਗਲਾ ਦੇ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਮਾਨਸਾ ਵਿਖੇ ਸਮਰਥਕਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸਿੰਗਲਾ ਨੇ ਚੁਣੌਤੀ ਦਿੱਤੀ ਕਿ ਕੋਈ ਸਾਬਤ ਕਰੇ ਕਿ ਇੱਕ ਰੁਪਿਆ ਵੀ ਲਿਆ ਗਿਆ ਹੈ। ਮੰਤਰੀ ਦੇ ਕਾਰਜਕਾਲ ਦੌਰਾਨ ਕਈ ਟੈਂਡਰ ਅਤੇ ਸਾਮਾਨ ਦੀ ਖਰੀਦਦਾਰੀ ਹੋਈ। ਮਹਿਕਮੇ ਵਿੱਚ ਜੋ ਵੀ ਕੰਮ ਹੋਏ, ਕੋਈ ਸਾਬਤ ਕਰੇ ਕਿ ਮੈਂ, ਮੇਰੇ ਪਰਿਵਾਰ, ਰਿਸ਼ਤੇਦਾਰ ਜਾਂ ਪਾਰਟੀ ਵਰਕਰ ਨੇ ਇੱਕ ਰੁਪਇਆ ਵੀ ਲਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪਾਰਟੀ ‘ਤੇ ਪੂਰਾ ਭਰੋਸਾ ਹੈ। ਪਾਰਟੀ ਵਫ਼ਾਦਾਰ ਸਿਪਾਹੀ ਨਾਲ ਨਿਆਂ ਜ਼ਰੂਰ ਕਰੇਗੀ।
ਵੀਡੀਓ ਲਈ ਕਲਿੱਕ ਕਰੋ -: