ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਕਾਮੇਡੀਅਨ ਡਾ. ਜਸਵਿੰਦਰ ਭੱਲਾ ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਮੋਹਾਲੀ ਦੇ ਪ੍ਰਾਈਵੇਟ ਹਸਪਤਾਲ ਵਿੱਚ 65 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਉਹ ਲਗਭਗ 1 ਮਹੀਨੇ ਤੋਂ ਬਿਮਾਰ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ (23 ਅਗਸਤ) ਮੋਹਾਲੀ ਵਿੱਚ ਕੀਤਾ ਜਾਵੇਗਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪੁਰਾਣੇ ਯਾਰ ਜਸਵਿੰਦਰ ਭੱਲਾ ਦੇ ਘਰ ਪਹੁੰਚੇ ਤੇ ਉਥੇ ਜਾ ਕੇ ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ। CM ਮਾਨ ਨੇ ਕਿਹਾ ਕਿ ਪੰਜਾਬੀ ਜਗਤ ਲਈ ਅੱਜ ਦਾ ਦਿਨ ਬਹੁਤ ਮੰਦਭਾਗਾ ਹੈ ਜਦੋਂ ਸਾਡੇ ਦਰਮਿਆਨ ਜਸਵਿੰਦਰ ਭੱਲਾ ਜੀ ਨਹੀਂ ਰਹੇ ਜਿਨ੍ਹਾਂ ਨੇ ਪੰਜਾਬੀ ਕਾਮੇਡੀ ਵਿਚ ਵੱਡਾ ਮੁਕਾਮ ਹਾਸਲ ਕੀਤਾ ਤੇ ਪੰਜਾਬੀ ਫਿਲਮਾਂ ਵਿਚ ਵੀ ਯਾਦਗਾਰੀ ਰੋਲ ਵੀ ਕੀਤੇ। ਭੱਲਾ ਸਾਬ੍ਹ ਦੀ ਬੇਵਕਤੀ ਮੌਤ ਨਾਲ ਪੰਜਾਬ ਇੰਡਸਟਰੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। CM ਮਾਨ ਨੇ ਕਿਹਾ ਕਿ ਮੈਂ ਭੱਲਾ ਜੀ ਨੂੰ ਆਪਣਾ ਗੁਰੂ ਮੰਨਦਾ ਹਾਂ।
CM ਮਾਨ ਨੇ ਕਿਹਾ ਕਿ ਮੇਰੀ ਮੁਲਾਕਾਤ ਭੱਲਾ ਜੀ ਨਾਲ ਅਕਸਰ ਦੂਰਦਰਸ਼ਨ ਦੇ ਪ੍ਰੋਗਰਾਮਾਂ ਦੌਰਾਨ ਹੀ ਹੁੰਦੀ ਸੀ। ਜਸਵਿੰਦਰ ਭੱਲਾ ਜੀ ਬਹੁਤ ਹੀ ਜ਼ਿੰਦਾ ਦਿਲ ਇਨਸਾਨ ਸਨ। ਕਾਮੇਡੀਅਨ ਆਪਣੇ ਆਪ ਨੂੰ ਕਦੇ ਵੀ ਦਬ ਨਹੀਂ ਸਕਦਾ। ਉਸ ਨੂੰ ਮੌਕੇ ‘ਤੇ ਹਾਜ਼ਰ ਜਵਾਬ ਰਹਿਣਾ ਪੈਂਦਾ ਹੈ। ਭੱਲਾ ਜੀ ਬਹੁਤ ਹੀ ਪੜ੍ਹੇ-ਲਿਖੇ ਇਨਸਾਨ ਸਨ ਤੇ ਪੀਯੂ ਵਿਚ ਅਸਿਸਟੈਂਟ ਪ੍ਰੋਫੈਸਰ ਵੀ ਰਹਿ ਚੁੱਕੇ ਸਨ ਤੇ ਹੁਣ ਉਨ੍ਹਾਂ ਦਾ ਸਮੇਂ ਤੋਂ ਪਹਿਲਾਂ ਚਲੇ ਜਾਣਾ ਬਹੁਤ ਹੀ ਦੁਖਦਾਈ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਮੇਡੀਅਨ ਜਸਵਿੰਦਰ ਭੱਲਾ ਦੇ ਦਿਹਾਂਤ ਦੁੱਖ ਪ੍ਰਗਟਾਉਂਦਿਆਂ ਟਵੀਟ ਕਰਦਿਆਂ ਕਿਹਾ ਕਿ “ਭੱਲਾ ਜੀ ਦੇ ਅਚਾਨਕ ਇਸ ਦੁਨੀਆਂ ਤੋਂ ਚਲੇ ਜਾਣਾ ਬੇਹੱਦ ਅਫ਼ਸੋਸਜਨਕ ਹੈ, ਛਣਕਾਟਿਆਂ ਦੀ ਛਣਕਾਰ ਬੰਦ ਹੋਣ ‘ਤੇ ਮਨ ਉਦਾਸ ਹੈ। ਵਾਹਿਗੁਰੂ ਚਰਨਾਂ ‘ਚ ਨਿਵਾਸ ਬਖਸ਼ਣ… ਚਾਚਾ ਚਤਰਾ ਹਮੇਸ਼ਾ ਸਾਡੇ ਦਿਲਾਂ ਚ ਵਸਦੇ ਰਹਿਣਗੇ।”
ਵੀਡੀਓ ਲਈ ਕਲਿੱਕ ਕਰੋ -:
























