ਹੜ੍ਹਾਂ ਦੇ ਸੰਕਟ ਵਿਚਾਲੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਜਾਣਗੇ ਜਿਥੇ ਜਾ ਕੇ ਉਹ ਰਾਹਤ ਤੇ ਬਚਾਅ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣਗੇ। ਉਹ ਮਕਰੋੜ ਸਾਹਿਬ ਤੇ ਹੋਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ।
ਦੱਸ ਦੇਈਏ ਕਿ ਪੰਜਾਬ ਦੇ ਸਾਰੇ 23 ਜ਼ਿਲ੍ਹੇ ਇਸ ਸਮੇਂ ਹੜ੍ਹ ਨਾਲ ਜੂਝ ਰਹੇ ਹਨ। ਕਈ ਥਾਵਾਂ ‘ਤੇ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਅੱਜ ਲਈ ਯੈਲੋ ਅਲਰਟਜਾਰੀ ਕੀਤਾ ਹੈ। ਸਰਕਾਰ ਦੇ ਅੰਕੜਿਆਂ ਮੁਤਾਬਕ ਲਗਭਗ 1400 ਪਿੰਡ ਪਾਣੀ ਵਿਚ ਡੁੱਬੇ ਹੋਏ ਹਨ। ਇਨ੍ਹਾਂ ਵਿਚ ਸਭ ਤੋਂ ਵੱਧ ਅਸਰ ਗੁਰਦਾਸਪੁਰ ਦੇ 324 ਪਿੰਡਾਂ ‘ਤੇ ਪਿਆ ਹੈ।
ਇਸ ਤੋਂ ਇਲਾਵਾ ਅੰਮ੍ਰਿਤਸਰ ਵਿਚ 135, ਬਰਨਾਲਾ ਵਿਚ 134 ਤੇ ਹੁਸ਼ਿਆਰਪੁਰ ਵਿਚ 119 ਪਿੰਡ ਪ੍ਰਭਾਵਿਤ ਹੋਏ ਹਨ। ਹੁਣ ਤੱਕ 30 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 3 ਲੋਕ ਅਜੇ ਵੀ ਲਾਪਤਾ ਹਨ। ਹਰੀਕੇ ਪੱਤਣ ਹੈੱਡਵਰਕਸ ਤੋਂ 3 ਲੱਖ 5 ਹਜ਼ਾਰ ਕਿਊਸਿਕ ਪਾਣੀ ਛੱਡੇ ਜਾਣ ਦੇ ਬਾਅਦ ਪ੍ਰਸ਼ਾਸਨ ਨੇ ਤਰਨਤਾਰਨ ਨੂੰ ਹਾਈ ਫਲੱਡ ਏਰੀਆ ਐਲਾਨ ਦਿੱਤਾ ਹੈ। ਇਸ ਪਾਣੀ ਦਾ ਅਸਰ ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਕਈ ਪਿੰਡਾਂ ਵਿਚ ਪਵੇਗਾ।
ਇਹ ਵੀ ਪੜ੍ਹੋ : AAP ਦੇ ਸਾਰੇ ਸਾਂਸਦ-ਵਿਧਾਇਕ ਪੰਜਾਬ ਲਈ ਦੇਣਗੇ ਇੱਕ ਮਹੀਨੇ ਦੀ ਤਨਖਾਹ- ਕੇਜਰੀਵਾਲ ਨੇ ਕੀਤਾ ਐਲਾਨ
ਗੁਰਦਾਸਪੁਰ ਵਿਚ 1.45 ਲੱਖ ਤੇ ਅੰਮ੍ਰਿਤਸਰ ਵਿਚ 1.17 ਲੱਖ ਤੋਂ ਵੱਧ ਲੋਕ ਹੜ੍ਹ ਤੋਂ ਪ੍ਰਭਾਵਿਤ ਹੋਏ ਹਨ। ਫਿਰੋਜ਼ਪੁਰ, ਫਾਜ਼ਿਲਕਾ ਤੇ ਪਠਾਨਕੋਟ ਵਿਚ ਵੀ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ। ਮੋਹਾਲੀ, ਕਪੂਰਥਲਾ ਤੇ ਬਾਕੀ ਜ਼ਿਲ੍ਹਿਆਂ ਵਿਚ ਕੁੱਲ ਮਿਲਾ ਕੇ ਹੁਣ ਤੱਕ 3 ਲੱਖ ਤੋਂ ਵੱਧ ਆਬਾਦੀ ਪ੍ਰਭਾਵਿਤ ਹੋਈ ਹੈ। ਅੰਮ੍ਰਿਤਸਰ, ਬਰਨਾਲਾ, ਮਾਨਸਾ, ਰੂਪਨਗਰ ਤੇ ਹੁਸ਼ਿਆਰਪੁਰ ਵਿਚ 3-3 ਮੌਤਾਂ ਹੋ ਚੁੱਕੀਆਂ ਹਨ। ਬਠਿੰਡਾ, ਗੁਰਦਾਸਪੁਰ, ਪਟਿਆਲਾ, ਮੋਹਾਲੀ ਤੇ ਸੰਗਰੂਰ ਵਿਚ 1-1 ਵਿਅਕਤੀ ਦੀ ਜਾਨ ਗਈ ਹੈ ਤੇ ਇਸ ਤੋਂ ਇਲਾਵਾ ਤਿੰਨ ਲੋਕ ਅਜੇ ਵੀ ਲਾਪਤਾ ਹਨ।
ਵੀਡੀਓ ਲਈ ਕਲਿੱਕ ਕਰੋ -:
























