Congratulations to Sukhbir Badal : ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਆਪਣਾ 58ਵਾਂ ਜਨਮਦਿਨ ਮਨਾ ਰਹੇ ਹਨ ਅਤੇ ਇਸ ਮੌਕੇ ਉਨ੍ਹਾਂ ਨੂੰ ਟਵਿਟਰ ’ਤੇ ਸਵੇਰ ਤੋਂ ਲਗਾਤਾਰ ਵਦਾਈਆਂ ਮਿਲ ਰਹੀਆਂ ਹਨ। ਇਸ ਜਿਨ੍ਹਾਂ ਵਿਚ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ, ਕੇਂਦਰੀ ਮੰਤਰੀ ਅਮਿਤ ਸ਼ਾਹ, ਬਿਕਰਮਜੀਤ ਸਿੰਘ ਮਜੀਠੀਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਸਮਰਥਕਾਂ ਸਣੇ ਬਹੁਤ ਸਾਰੇ ਟਵਿੱਟਰ ਯੂਜ਼ਰ ਸ਼ਾਮਲ ਹਨ। ਬੁੱਧਵਾਰ ਰਾਤ ਤੋਂ ਹੀ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਟਵਿਟਰ ਤੋਂ ਲਗਾਤਾਰ ਵਧਾਈਆਂ ਮਿਲਣ ਦਾ ਸਿਲਸਿਲਾ ਜਾਰੀ ਹੈ।
ਇਸ ਮੌਕੇ ਵਧਾਈ ਦਿੰਦਿਆਂ ਬੀਬਾ ਹਰਸਿਮਤ ਕੌਰ ਬਾਦਲ ਨੇ ਲਿਖਿਆ, ‘ਜਨਮਦਿਨ ਦੀਆਂ ਬਹੁਤ ਮੁਬਾਰਕਾਂ ਸੁਖਬੀਰ ਜੀ, ਗੁਰੂ ਮਹਾਰਾਜ ਜੀ ਤੁਹਾਡੇ ਸਿਰ ‘ਤੇ ਮਿਹਰਾਂ ਭਰਿਆ ਹੱਥ ਰੱਖਣ ਅਤੇ ਭਵਿੱਖ ਦੇ ਸਾਰੇ ਕਦਮਾਂ ‘ਤੇ ਕਾਮਯਾਬੀ ਦੀਆਂ ਨਵੀਆਂ ਮੰਜ਼ਿਲਾਂ ਹਾਸਲ ਕਰਨ ਦਾ ਬਲ ਬਖਸ਼ਣ।’ ਇਸ ਦੇ ਨਾਲ ਹੀ ਉਨ੍ਹਾਂ ਨੇ ਸੁਖਬੀਰ ਬਾਦਲ ਨਾਲ ਆਪਣੀ ਇਕ ਫੋਟੋ ਵੀ ਪੋਸਟ ਕੀਤੀ। ਉਥੇ ਹੀ ਅਮਿਤ ਸ਼ਾਹ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਲੰਮੀ ਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਕੀਤੀ।
ਦੱਸਣਯੋਗ ਹੈ ਕਿ ਸੁਖਬੀਰ ਬਾਦਲ ਦਾ ਜਨਮ 9 ਜੁਲਾਈ, 1962 ਵਿਚ ਹੋਇਆ। ਉਨ੍ਹਾਂ ਨੇ ਆਪਣੀ ਸਿੱਖਿਆ ਲਾਰੈਂਸ ਸਕੂਲ ਸਾਨਾਵਰ ਤੋਂ ਪੂਰੀ ਕੀਤੀ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 1980-84 ਵਿਚ ਅਰਥ ਸ਼ਾਸਤਰ ਵਿਚ ਐਮਏ ਕੀਤੀ। ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਸੁਖਬੀਰ ਬਾਦਲ ਨੇ 2009 ਤੋਂ 2017 ਤੱਕ ਸੂਬੇ ਵਿਚ ਉਪ ਮੁੱਖ ਮੰਤਰੀ ਵਜੋਂ ਸੇਵਾਵਾਂ ਦਿੱਤੀਆਂ। ਇਸ ਸਮੇਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਸੂਬੇ ਦੀ ਸੇਵਾ ਕਰ ਰਹੇ ਹਨ।