Congress wins again in Mohali : ਮੁਹਾਲੀ : ਮੁਹਾਲੀ ਨਗਰ ਕੌਂਸਲ 2021 ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਪੂਰੇ ਪੰਜਾਬ ਵਾਂਗ ਮੋਹਾਲੀ ਜ਼ਿਲ੍ਹੇ ਵਿੱਚ ਵੀ ਇਸ ਵਾਰ ਕਾਂਗਰਸ ਨੇ ਹੀ ਮੱਲ੍ਹਾਂ ਮਾਰੀਆਂ ਹਨ। ਇਥੇ ਕੁਲ 50 ਵਾਰਡਾਂ ਵਿਚੋਂ, 37 ਕਾਂਗਰਸ ਉਮੀਦਵਾਰ ਜੇਤੂ ਰਹੇ ਹਨ। ਇਸ ਦੇ ਨਾਲ ਹੀ ਆਜ਼ਾਦ ਤੇ ‘ਆਪ’ ਗਠਜੋੜ ਦੇ ਕੁੱਲ 11 ਉਮੀਦਵਾਰ ਜਿੱਤੇ ਹਨ। ਦੋ ਆਜ਼ਾਦ ਉਮੀਦਵਾਰਾਂ ਨੇ ਵੀ ਜਿੱਤ ਦਾ ਸਵਾਦ ਚੱਖਿਆ ਹੈ। ਤੁਹਾਨੂੰ ਦੱਸ ਦਈਏ ਕਿ ਵਾਰਡ ਨੰਬਰ 10 ਵਿੱਚ 14 ਫਰਵਰੀ ਨੂੰ ਵੋਟਿੰਗ ਦੌਰਾਨ ਆਜ਼ਾਦ ਸਮੂਹ ਦੇ ਉਮੀਦਵਾਰ ਕਾਹਲੋ ਨੇ ਕਾਂਗਰਸ ‘ਤੇ ਧਾਂਦਲੀ ਦਾ ਦੋਸ਼ ਲਾਇਆ ਸੀ, ਜਿਸ ਕਾਰਨ ਬੁੱਧਵਾਰ ਨੂੰ ਇਸ ਵਾਰਡ ਵਿੱਚ ਮੁੜ ਵੋਟਿੰਗ ਕੀਤੀ ਗਈ। ਇਸ ਕਰਕੇ ਚੋਣ ਨਤੀਜਾ ਘੋਸ਼ਿਤ ਕਰਨ ਲਈ ਇੱਕ ਵਾਧੂ ਦਿਨ ਲਿਆ ਗਿਆ।
ਦੱਸ ਦਈਏ ਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਇਕ ਸਾਲ ਪਹਿਲਾਂ ਹੋਈਆਂ ਪੰਜਾਬ ਦੇ ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵਿਚ ਕਾਂਗਰਸ ਨੇ ਵਿਰੋਧੀ ਪਾਰਟੀਆਂ ਨੂੰ ਕਰਾਰੀ ਹਾਰ ਦਿੰਦਿਆਂ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ | ਜਿੱਥੇ ਕਿਸਾਨ ਅੰਦੋਲਨ ਦੇ ਚਲਦੇ ਭਾਜਪਾ ਨੂੰ ਵੱਡੀ ਹਾਰ ਹੋਈ, ਉਥੇ ਆਮ ਆਦਮੀ ਪਾਰਟੀ ਨੂੰ ਝਟਕਾ ਲੱਗਾ ਹੈ। ਪੰਜਾਬ ਦੀਆਂ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਸੱਤ ਨਗਰ ਨਿਗਮ ਤੇ 108 ਵਿੱਚੋਂ 101 ਨਗਰ ਕੌਂਸਲ ਤੇ ਨਗਰ ਪੰਚਾਇਤਾਂ ਵਿੱਚ ਜਿੱਤ ਹਾਸਲ ਕੀਤੀ ਹੈ।