ਕੋਰੋਨਾ ਦੇ ਮਾਮਲਿਆਂ ਵਿੱਚ ਸੂਬੇ ਨੂੰ ਕੁਝ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ, ਇਸ ਦੇ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ। ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 3724 ਮਾਮਲੇ ਦਰਜ ਕੀਤੇ ਗਏ, ਜਦਕਿ 148 ਮਰੀਜ਼ਾਂ ਨੇ ਦਮ ਤੋੜਿਆ।
ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਜਲੰਧਰ ਤੇ ਲੁਧਿਆਣਾ ਤੋਂ ਸਾਹਮਣੇ ਆਏ ਜਿਥੇ ਕ੍ਰਮਵਾਰ 497 ਤੇ 416 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ। ਉਥੇ ਹੀ ਸਭ ਤੋਂ ਵੱਧ ਮੌਤਾਂ ਵੀ ਲੁਧਿਆਣਾ ਵਿੱਚ ਹੋਈਆਂ, ਜਿਥੇ 20 ਲੋਕਾਂ ਨੇ ਦਮ ਤੋੜਿਆ, ਉਥੇ ਹੀ ਅੰਮ੍ਰਿਤਸਰ ਵਿੱਚ 19 ਲੋਕਾਂ ਦੀ ਮੌਤ ਹੋ ਗਈ। ਉਥੇ ਹੀ ਰਾਹਤ ਵਾਲੀ ਗੱਲ ਇਹ ਰਹੀ ਕਿ ਸੂਬੇ ਵਿੱਚ 6797 ਲੋਕਾਂ ਨੂੰ ਠੀਕ ਹੋਣ ‘ਤੇ ਹਸਪਤਾਲੋਂ ਛੁੱਟੀ ਦੇ ਘਰ ਭੇਜਿਆ ਗਿਆ।
ਦੱਸਣਯੋਗ ਹੈ ਕਿ ਹੁਣ ਤੱਕ ਪੰਜਾਬ ਤੋਂ ਕੋਰੋਨਾ ਦੇ 559795 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 500651 ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ, ਜਦਕਿ 44964 ਮਾਮਲੇ ਅਜੇ ਵੀ ਐਕਟਿਵ ਹਨ। ਹੁਣ ਤੱਕ ਸੂਬੇ ਵਿੱਚ ਕੋਰੋਨਾ ਨਾਲ 14180 ਲੋਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ।