Corona case from Mandi Gobindgarh : ਕੋਰੋਨਾ ਵਾਇਰਸ ਦਾ ਕਹਿਰ ਫਤਿਹਗੜ੍ਹ ਸਾਹਿਬ ਜ਼ਿਲੇ ਵਿਚ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਿਛਲੇ ਤਿੰਨ-ਚਾਰ ਦਿਨਾਂ ਤੋਂ ਜ਼ਿਲੇ ਵਿਚ ਇਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਜ਼ਿਲੇ ਵਿਚ ਮੰਡੀ ਗੋਬਿੰਦਗੜ੍ਹ ਤੋਂ ਇਕ ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਦੀ ਪੁਸ਼ਟੀ ਹੋਈ ਹੈ। ਇਸ ਦੀ ਜਾਣਕਾਰੀ ਸਿਵਲ ਸਰਜਨ ਡਾ. ਐਨ.ਕੇ. ਆਗਰਵਾਲ ਵੱਲੋਂ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਹ ਮਾਮਲਾ ਮੰਡੀ ਗੋਬਿੰਦਗੜ੍ਹ ਦੇ ਪਿੰਡ ਪਨੈਚਾਂ ਨਾਲ ਹੀ ਸਬੰਧਤ ਹੈ ਜਿਥੋਂ ਇਕੋ ਹੀ ਪਰਿਵਾਰ ਦੇ 5 ਮੈਂਬਰ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਇਸ ਪਰਿਵਾਰ ਦੇ 8 ਮੈਂਬਰ ਦਿੱਲੀ ਤੋਂ ਪੰਜਾਬ ਵਾਪਿਸ ਪਰਤੇ ਸਨ, ਜਿਨ੍ਹਾਂ ਦੇ ਟੈਸਟਾਂ ਵਿਚ 5 ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਜਦਕਿ ਤਿੰਨ ਦੀ ਰਿਪੋਰਟ ਨੈਗੇਟਿਵ ਆਈ ਸੀ। ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਨਵੇਂ ਪਾਜ਼ੀਟਿਵ ਆਏ ਮਰੀਜ਼ ਨੂੰ ਗਿਆਨ ਸਾਗਰ ਹਸਪਤਾਲ ਬਨੂੜ ਵਿਖੇ ਦਾਖਲ ਕਰਵਾ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਵੀ ਮੰਡੀ ਗੋਬਿੰਦਗੜ੍ਹ ਤੋਂ ਕੋਰੋਨਾ ਪਾਜ਼ੀਟਿਵ ਮਾਮਲੇ ਦੀ ਪੁਸ਼ਟੀ ਹੋਈ ਸੀ। ਉਹ ਵੀ ਦਿੱਲੀ ਤੋਂ ਹੀ ਪੰਜਾਬ ਵਾਪਿਸ ਪਰਤਿਆ ਸੀ, ਜਿਸ ਦੇ ਟੈਸਟਾਂ ਵਿਚ ਉਹ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ। ਹੁਣ ਉਸ ਦੇ ਸੰਪਰਕ ਵਾਲੇ ਵਿਅਕਤੀਆਂ ਦੇ ਸਿਹਤ ਵਿਭਾਗ ਵੱਲੋਂ ਸੈਂਪਲ ਲਏ ਜਾ ਰਹੇ ਹਨ। ਜ਼ਿਲੇ ਦੇ ਪਾਜ਼ੀਟਿਵ ਮਰੀਜ਼ਾਂ ਦਾ ਇਲਾਜ ਗਿਆਨ ਸਾਗਰ ਹਸਪਤਾਲ ਬਨੂੜ ਵਿਖੇ ਹੀ ਚੱਲ ਰਿਹਾ ਹੈ।
ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਿਆਨ ਸਾਨਗਰ ਹਸਪਤਾਲ ਬਨੂੜ ਤਿੰਨ ਜ਼ਿਲਿਆਂ ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਰੋਪੜ ਦਾ ਇਕ ਸਾਂਝਾ ਸਟੇਸ਼ਨ ਬਣਾਇਆ ਗਿਆ ਹੈ। ਤਿੰਨਾਂ ਜ਼ਿਲਿਆਂ ਵਿਚੋਂ ਮਿਲੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦਾ ਇਲਾਜ ਇਸੇ ਹਸਪਤਾਲ ਵਿਚ ਹੁੰਦਾ ਹੈ। ਗਿਆਨ ਸਾਗਰ ਹਸਪਤਾਲ ਵਿਚ 450 ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਰਤਨ ਵਾਲੇ ਲੋਕਾਂ ਨੂੰ ਇਕਾਂਤਵਾਸ ਵਿਚ ਰਖਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਕੋਰੋਨਾ ਟੈਸਟ ਲਈ ਸੈਂਪਲ ਤੁਰੰਤ ਲੈ ਲਏ ਜਾਂਦੇ ਹਨ।