Corona cases in Nawanshahr and Rayia : ਅੱਜ ਨਵਾਂਸ਼ਹਿਰ ਤੇ ਰਈਆ ਤੋਂ ਕੋਰੋਨਾ ਦੇ 2-2 ਮਾਮਲੇ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਨਵਾਂਸ਼ਹਿਰ ਦੇ ਬਲਾਕ ਬੰਗਾ ਵਿਚ ਕੋਰੋਨਾ ਵਾਇਰਸ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਥੇ ਇਕ ਪ੍ਰਵਾਸੀ ਅਤੇ ਇਕ ਹੋਰ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਨ੍ਹਾਂ ਦੋਹਾਂ ਮਾਮਲਿਆਂ ਦੀ ਪੁਸ਼ਟੀ ਕਰਦਿਆਂ ਐਸਐਮਓ ਮੁਕੰਦਪੁਰ ਡਾ. ਰਵਿੰਦਰ ਸਿੰਘ ਨੇ ਦੱਸਿਆ ਕਿ ਰਟੈਂਡਾ ਵਿਖੇ ਬਿਹਾਰ ਨਿਵਾਸੀ 40 ਸਾਲਾ ਵਿਅਕਤੀ ਦਿਨੇਸ਼ਵਰ ਮਹੋਤੋ ਜੋ ਅਜੈਬ ਸਿੰਘ ਵਾਸੀ ਰਟੈਡਾ ਦੇ ਖੂਬ ’ਤੇ ਰਹਿੰਦਾ ਹੈ ਅਤੇ ਦੂਸਰਾ ਇਕ 55 ਸਾਲਾ ਵਿਕਤੀ ਨਰਿੰਦਰ ਕੁਮਾਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਹਾਂ ਮਰੀਜ਼ਾਂ ਨੂੰ ਢਾਹਾਂ ਕਲੇਰਾਂ ਦੇ ਹਸਪਤਾਲ ਦੇ ਆਈਸੋਲੇਸ਼ਨ ਵਿਚ ਰਖਿਆ ਜਾਵੇਗਾ।
ਉਥੇ ਹੀ ਬਾਬਾ ਬਕਾਲਾ ਸਾਹਿਬ ਦੇ ਕਸਬਾ ਰਈਆ ਤੋਂ ਦੋ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦੱਸਣਯੋਗ ਹੈ ਕਿ ਸੂਬੇ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਹੁਣ ਤੱਕ ਸੂਬੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 3962 ਤੋਂ ਪਾਰ ਹੋ ਗਈ ਹੈ। ਰਾਹਤ ਵਾਲੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 2678 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ ਪਰ ਅਜੇ ਵੀ ਕੋਰੋਨਾ ਦੇ 1176 ਤੋਂ ਵੱਧ ਕੇਸ ਐਕਟਿਵ ਹਨ।
ਜ਼ਿਕਰਯੋਗ ਹੈ ਕਿ ਬੀਤੇ 24 ਘੰਟਿਆਂ ਦੌਰਾਨ ਅੱਜ ਸ਼ਾਮ ਤਕ 6 ਹੋਰ ਪੀੜਤਾਂ ਦੀ ਮੌਤ ਦੀ ਸਰਕਾਰ ਨੇ ਪੁਸ਼ਟੀ ਕੀਤੀ ਹੈ। ਇਸ ਨਾਲ ਮਰਨ ਵਾਲਿਆਂ ਦਾ ਦੀ ਗਿਣਤੀ ਵੀ 100 ਤੋਂ ਪਾਰ ਹੋ ਗਈ ਹੈ। ਮੌਜੂਦਾ ਸਮੇਂ ਵੀ ਗੰਭੀਰ ਹਾਲਤ ਵਾਲੇ 21 ਮਰੀਜ਼ ਆਕਸੀਜਨ ਅਤੇ 5 ਵੈਂਟੀਲੇਟਰ ‘ਤੇ ਹਨ। ਬੀਤੇ ਦਿਨ ਅੰਮ੍ਰਿਤਸਰ ਵਿਚ 4, ਲੁਧਿਆਣਾ ਵਿਚ 1 ਅਤੇ ਕਪੂਰਥਲਾ ਜ਼ਿਲ੍ਹੇ ਵਿਚ 1 ਮੌਤ ਹੋ ਚੁੱਕੀ ਹੈ। ਹੁਣ ਤੱਕ 101 ਮੌਤਾਂ ਹੋ ਚੁੱਕੀਆਂ ਹਨ। ਹੁਣ ਤੱਕ ਸੂਬੇਵਿਚ ਕੋਰੋਨਾ ਦੇ ਕੁਲ 235700 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 3962 ਦੀਆਂ ਰਿਪੋਰਟਾਂ ਪਾਜ਼ੀਟਿਵ ਆਈਆਂ ਹਨ।