Corona Cases in Tarntaran and Mukerian : ਤਰਨਤਾਰਨ ਵਿਚ ਬੀਤੇ ਦਿਨ ਦੋ ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੋਹਾਂ ਮਾਮਲਿਆਂ ਦੀ ਪੁਸ਼ਟੀ ਕਰਦਿਆਂ ਐਸਐਮਓ ਡਾ. ਇੰਦਰ ਮੋਹਨ ਗੁਪਤਾ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਇਕ ਪਿੰਡ ਏਕਲ ਗੱਡਾ ਨਿਵਾਸੀ 42 ਸਾਲਾ ਔਰਤ ਅਤੇ ਪਿੰਡ ਵੈਰੋਵਾਲ ਦੇ 52 ਸਾਲਾ ਵਿਅਕਤੀ, ਜੋਕਿ ਕੁਝ ਦਿਨ ਪਹਿਲਾਂ ਹੀ ਮੁੰਬਈ ਤੋਂ ਪਰਤਿਆ ਸੀ, ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਵਿਅਕਤੀ ਦਾ ਬੁੱਧਵਾਰ ਨੂੰ ਸੈਂਪਲ ਲਿਆ ਗਿਆ ਸੀ ਤੇ ਇਸ ਨੂੰ ਪਹਿਲਾਂ ਹੀ ਇਕਾਂਤਵਾਸ ਕੇਂਦਰ ਵਿਚ ਰਖਿਆ ਗਿਆ ਸੀ। ਹੁਣ ਇਸ ਨੂੰ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰ ਲਿਆ ਗਿਆ ਹੈ।
ਏਕਲ ਗੱਡਾ ਦੀ ਜਿਸ ਔਰਤ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ, ਉਹ ਪਹਿਲਾਂ ਤੋਂ ਹੀ ਟੀਬੀ ਦੀ ਮਰੀਜ਼ ਹੈ। ਇਸ ਔਰਤ ਦੇ ਪਹਿਲਾਂ ਤੋਂ ਹੀ ਕਿਸੇ ਪਾਜ਼ੀਟਿਵ ਮਰੀਜ਼ ਦੇ ਸੰਪਰਕ ਵਿਚ ਆਉਣ ਨਾਲ ਕੋਰੋਨਾ ਦੀ ਲਪੇਟ ਵਿਚ ਆਉਣ ਦੀ ਸੰਭਾਵਨਾ ਦਰਸਾਈ ਜਾ ਰਹੀ ਹੈ, ਜਿਸ ਦੇ ਚੱਲਦਿਆਂ ਇਸ ਔਰਤ ਦੇ ਆਲੇ-ਦੁਆਲੇ ਦੇ ਨਿਵਾਸੀਆਂ ਦੀ ਜਾਂਚ ਸਿਹਤ ਵਿਭਾਗ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਤਰਨਤਾਰਨ ਵਿਚ ਹੁਣ ਕੁਲ 4 ਐਕਟਿਵ ਮਾਮਲੇ ਹੋ ਗਏ ਹਨ।
ਇਸ ਦੇ ਨਾਲ ਹੀ ਮੁਕੇਰੀਆਂ ਦੇ ਵੱਖ-ਵੱਖ ਪਿੰਡਾਂ ਵਿਚ ਵੀ ਦੋ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਉਣ ਨਾਲ ਮੁੜ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਇਸ ਸਬੰਦੀ ਜਾਣਕਾਰੀ ਦਿੰਦਿਆੰ ਸਿਹਤ ਵਿਭਾਗ ਦੇ ਇੰਸਪੈਕਟਰ ਰਾਜਦੀਪ ਸਿੰਘ ਨੇ ਦੱਸਿਆ ਕਿ ਸੈਨਿਕ ਬਲਰਾਜ ਸਿੰਘ ਨਿਵਾਸੀ ਧਰਮਪੁਰ, ਜੋਕਿ ਜੰਮੂ ਵਿਖੇ ਤਾਇਨਾਤ ਸੀ, ਥੋੜ੍ਹੇ ਦਿਨ ਪਹਿਲਾਂ ਹੀ ਪਿੰਡ ਪਰਤਿਆ ਸੀ। ਇਸੇ ਤਰ੍ਹਾਂ ਅਸ਼ੋਕ ਕੁਮਾਰ ਨਿਵਾਸੀ ਆਲੋ ਭੱਟੀ ਆਪਣੇ ਪਿੰਡ ਵਾਪਸ ਗੁੜਗਾਓਂ ਤੋਂ ਆਇਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਹਾਂ ਦੀ ਟੈਸਟ ਰਿਪੋਰਟ ਪਾਜ਼ੀਟਿਵ ਆਉਣ ਨਾਲ ਇਨ੍ਹਾਂ ਨੂੰ ਘਰ ਵਿਚ ਹੀ ਕੁਆਰੰਟਾਈਨ ਕਰ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਕਲ੍ਹ ਰਾਤ ਬਾਹਰਾ ਭੇਜ ਦਿੱਤਾ ਜਾਵੇਗਾ।