Corona goes out of control in Jalandhar : ਜਲੰਧਰ ਵਿਚ ਕੋਰੋਨਾ ਨੇ ਲਗਾਤਾਰ ਬੇਕਾਬੂ ਹੁੰਦਾ ਜਾ ਰਿਹਾ ਹੈ। ਅੱਜ ਫਿਰ ਜ਼ਿਲੇ ਵਿਚ ਕੋਰੋਨਾ ਦੇ ਵੱਡੀ ਗਿਣਤੀ ਵਿਚ ਮਾਮਲੇ ਸਾਹਮਣੇ ਆਏ ਹਨ, ਜਿਥੇ ਇਕੱਠੇ 58 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਨ੍ਹਾਂ ਮਾਮਲਿਆਂ ਨਾਲ ਹੁਣ ਜਿਥੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਜ਼ਿਲੇ ਵਿਚ 826 ਹੋ ਗਈ ਹੈ, ਉਥੇ ਹੀ ਇਸ ਨਾਲ ਹੁਣ ਤੱਕ ਜ਼ਿਲੇ ਵਿਚ 22 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਹਾਲਾਂਕਿ ਅੱਜ ਸ਼ਹਿਰ ਵਿਚ 500 ਦੇ ਲਗਭਗ ਲੋਕਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ।
ਦੱਸਣਯੋਗ ਹੈ ਕਿ ਅੱਜ ਸਾਹਮਣੇ ਆਏ ਨਵੇਂ ਮਾਮਲਿਆਂ ਵਿਚ ਇਕ ਪੁਲਿਸ ਮੁਲਾਜ਼ਮ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ। ਇਹ ਮੁਲਾਜ਼ਮ ਪੁਲਿਸ ਕਮਿਸ਼ਨਰ ਦਫਤਰ ਵਿਚ ਤਾਇਨਾਤ ਸੀ। ਮੁਲਾਜ਼ਮ ਦੀ ਰਿਪੋਰਟ ਪਾਜ਼ੀਟਿਵ ਆਉਣ ਬਾਰੇ ਪਤਾ ਲੱਗਣ ਤੋਂ ਬਾਅਦ ਦਫਤਰ ਵਿਚ ਬੈਠੇ ਅਧਿਕਾਰੀਆਂ ਨੇ ਉਸੇ ਵੇਲੇ ਦਫਤਰ ਨੂੰ ਖਾਲੀ ਕਰ ਦਿੱਤਾ ਅਤੇ ਕਮਿਸ਼ਨਰੇਟ ਨੂੰ ਬੰਦ ਕਰਕੇ ਸੈਨੇਟਾਈਜ਼ ਕਰਵਾਇਆ ਗਿਆ। ਦੱਸਣਯੋਗ ਹੈ ਕਿ ਜ਼ਿਲੇ ਵਿਚ ਵੱਡੀ ਗਿਣਤੀ ਵਿਚ ਮਾਮਲੇ ਸਾਹਮਣੇ ਆਉਣ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਸ਼ਹਿਰ ਵਿਚ ਇਕ ਮਸ਼ਹੂਰ ਵਕੀਲ ਮਨਦੀਪ ਸਚਦੇਵਾ ਅਤੇ ਉਨ੍ਹਾਂ ਦੀ ਪਤਨੀ ਸਮਰਤਾ ਸਚਦੇਵਾ ਸਣੇ 22 ਲੋਕਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਸੀ। ਇਸ ਤੋਂ ਇਲਾਵਾ ਸੰਜੇ ਗਾਂਧੀ ਨਗਰ ਵਿਚ ਇਕੋ ਹੀ ਪਰਿਵਾਰ ਦੇ ਸੱਤ ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਇਲਾਕੇ ਨੂੰ ਮਾਈਕ੍ਰੋ ਕੰਟੇਨਮੈਂਟ ਐਲਾਨ ਦਿੱਤਾ ਗਿਆ ਹੈ। ਬੀਤੇ ਦਿਨ ਸਾਹਮਣੇ ਆਏ ਮਰੀਜ਼ਾਂ ਵਿਚ ਇਕ ਹਵਾਲਾਤੀ, ਸੀਐਚਸੀ ਕਰਤਾਰਪੁਰ ਦੀ ਲੈਬ ਟੈਕਨੀਸ਼ੀਅਨ, ਗਰਭਵਤੀ ਔਰਤ ਅਤੇ ਇਕ ਫੌਜ ਦਾ ਜਵਾਨ ਵੀ ਸ਼ਾਮਲ ਸੀ। ਇਨ੍ਹਾਂ ਵਿਚੋਂ 15 ਮਾਮਲੇ ਪਹਿਲਾਂ ਤੋਂ ਹੀ ਪਾਜ਼ੀਟਿਵ ਆਏ ਮਰੀਜ਼ਾਂ ਦੇ ਸੰਪਰਕ ਵਾਲੇ ਹਨ।