Corona killed two more people in Amritsar : ਅੰਮ੍ਰਿਤਸਰ ਵਿਚ ਕੋਰੋਨਾ ਲਗਾਤਾਰ ਬੇਕਾਬੂ ਹੁੰਦਾ ਜਾ ਰਿਹਾ ਹੈ। ਲਗਭਗ ਹਰ ਰੋਜ਼ ਜ਼ਿਲੇ ਤੋਂ ਇਸ ਮਹਾਮਾਰੀ ਨਾਲ ਮੌਤਾਂ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਅੱਜ ਫਿਰ ਸਵੇਰੇ ਜ਼ਿਲੇ ਵਿਚ ਕੋਰੋਨਾ ਨਾਲ ਦੋ ਹੋਰ ਲੋਕਾਂ ਨੇ ਦਮ ਤੋੜ ਦਿੱਤਾ, ਜਿਸ ਨਾਲ ਹੁਣ ਜ਼ਿਲੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 39 ਤੱਕ ਪਹੁੰਚ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਅੱਜ ਜ਼ਿਲੇ ਵਿਚ ਕੋਰੋਨਾ ਨੇ ਦੋ ਔਰਤਾਂ ਦੀ ਜਾਨ ਲਈ, ਜਿਨ੍ਹਾਂ ਵਿਚੋਂ ਜੰਡਿਆਲਾ ਦੀ ਰਹਿਣ ਵਾਲੀ ਇਕ ਔਰਤ 60 ਸਾਲਾ ਸੁਦੇਸ਼ ਕੁਮਾਰੀ ਕਈ ਹੋਰ ਬੀਮਾਰੀਆਂ ਤੋਂ ਵੀ ਪੀੜਤ ਸੀ, ਜਿਸ ਦਾ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਪਿਛਲੇ ਕੁਝ ਦਿਨਾਂ ਤੋਂ ਉਸ ਦੀ ਹਾਲਤ ਕਾਫੀ ਗੰਭੀਰ ਸੀ, ਜਿਸ ਦੇ ਚੱਲਦਿਆਂ ਅੱਜ ਸਵੇਰੇ ਉਸ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ। ਦੂਜੀ ਔਰਤ ਰਈਆ ਦੀ ਰਹਿਣ ਵਾਲੀ ਸੀ, ਜਿਸ ਨੂੰ ਲਿਵਰ ਦੇ ਕੈਂਸਰ ਵਰਗੀ ਗੰਭੀਰ ਬੀਮਾਰੀ ਸੀ ਅਤੇ ਉਸ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ।
ਦੱਸਣਯੋਗ ਹੈ ਕਿ ਜ਼ਿਲੇ ਵਿਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ। ਹੁਣ ਤੱਕ ਕੋਰੋਨਾ ਦੇ 898 ਮਾਮਲੇ ਸਾਹਮਣੇ ਆ ਚੁੱਕੇ, ਜਦਕਿ 644 ਲੋਕ ਜ਼ਿਲੇ ਵਿਚ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਜ਼ਿਲੇ ਵਿਚ ਅੱਜ ਨਵੇਂ ਸਿਵਲ ਸਰਜਨ ਵਜੋਂ ਨਿਯੁਕਤ ਹੋਏ ਡਾ. ਨਵਦੀਪ ਸਿੰਘ ਲਈ ਅੰਮ੍ਰਿਤਸਰ ਵਿਚ ਵਧ ਰਹੇ ਮਾਮਲਿਆਂ ਨੂੰ ਠੱਲ੍ਹ ਪਾਉਣਾ ਇਕ ਵੱਡਾ ਚੈਲੇਂਜ ਹੋਵੇਗਾ। ਜ਼ਿਲੇ ਵਿਚ ਕੋਰੋਨਾ ਦੇ ਲਗਾਤਾਰ ਵਧ ਰਹੇ ਮਾਮਲਿਆਂ ਨਾਲ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।