Corona knocks again in Tarntaran : ਕੋਰੋਨਾ ਵਾਇਰਸ ਨੇ ਤਰਨਤਾਰਨ ਵਿਚ ਮੁੜ ਦਸਤਕ ਦੇ ਦਿੱਤੀ ਹੈ। ਜਾਣਕਾਰੀ ਮੁਤਾਬਕ ਇਥੇ ਦੁਬਈ ਤੋਂ ਤਰਨਤਾਰਨ ਪੁੱਜੇ ਇਕ ਨੌਜਵਾਨ ਦੀ ਰਿਪੋਰਟ ਵਿਚ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਸ ਕੋਰੋਨਾ ਪਾਜ਼ੀਟਿਵ ਨੌਜਵਾਨ ਨੂੰ ਤਰਨਤਾਰਨ ਦੇ ਸਰਾਕਰੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਐਤਵਾਰ ਨੂੰ ਤਰਨਤਾਰਨ ਵਿਚ ਕੋਰੋਨਾ ਵਾਇਰਸ ਦਾ ਕੋਈ ਵੀ ਐਕਟਿਵ ਕੇਸ ਨਹੀਂ ਸੀ, ਜਿਸ ਨਾਲ ਉਹ ਗ੍ਰੀਨ ਜ਼ੋਨ ਵਿਚ ਪਹੁੰਚ ਗਿਆ ਸੀ ਪਰ 24 ਘੰਟੇ ਬਾਅਦ ਹੀ ਇਸ ਨੌਜਵਾਨ ਦੀ ਰਿਪੋਰਟ ਪਾਜ਼ੀਟਿਵ ਆਉਣ ਨਾਲ ਹੁਣ ਤਰਨਤਾਰਨ ਮੁੜ ਗ੍ਰੀਨ ਜ਼ੋਨ ਤੋਂ ਬਾਹਰ ਹੋ ਗਿਆ ਹੈ।
ਇਥੇ ਤੁਹਾਨੂੰ ਦੱਸਣਯੋਗ ਹੈ ਕਿ ਤਰਨਤਾਰਨ ਦੇ ਗੁਰੂ ਨਾਨਕ ਦੇਵ ਮਲਟੀ ਸਪੈਸ਼ਲਿਟੀ ਹਸਪਤਾਲ ਵਿਚ ਐਤਵਾਰ ਨੂੰ 19 ਕੋਰੋਨਾ ਪੀੜਤ ਮਰੀਜ਼ਾਂ ਨੂੰ ਠੀਕ ਹੋਣ ’ਤੇ ਉਨ੍ਹਾਂ ਨੂੰ ਹਸਪਤਾਲੋਂ ਛੁੱਟੀ ਦੇ ਕੇ ਘਰਾਂ ਲਈ ਰਵਾਨਾ ਕਰ ਦਿੱਤਾ ਗਿਆ ਸੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਸੱਤ ਦਿਨਾਂ ਲਈ ਇਕਾਂਤਵਾਸ ਵਿਚ ਰਹਿਣ ਦੀ ਹਿਦਾਇਤ ਦਿੱਤੀ ਗਈ ਸੀ। ਤਰਨਤਾਰਨ ਅੰਦਰ ਹੁਣ ਤੱਕ ਕੁਲ 162 ਕੋਰੋਨਾ ਪੀੜਤ ਮਰੀਜ਼ ਸਨ ਤੇ ਕੱਲ ਤੱਕ ਇਥੋਂ ਦੀ ਸਾਰੇ ਕੋਰੋਨਾ ਮੁਕਤ ਹੋ ਚੁੱਕੇ ਸਨ। ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਦੇ ਯਤਨਾਂ ਸਦਕਾ ਹੁਣ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਵੱਡੀ ਗਿਣਤੀ ’ਚ ਮਰੀਜ਼ ਠੀਕ ਹੋ ਰਹੇ ਹਨ। ਬੀਤੇ ਸ਼ਨੀਵਾਰ ਨੂੰ ਇਕੋ ਹੀ ਦਿਨ ਵਿਚ ਸੂਬੇ ਵਿਚ 952 ਮਰੀਜ਼ ਸਿਹਤਯਾਬ ਹੋ ਕੇ ਆਪੋ-ਆਪਣੇ ਘਰਾਂ ਨੂੰ ਪਰਤ ਗਏ ਸਨ। ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਆਈ ਕਮੀ ਅਤੇ ਇਸ ਦੇ ਰਿਕਵਰੀ ਰੇਟ ਦੇ ਵਧਣ ਕਾਰਨ ਪੰਜਾਬ ਸਰਕਾਰ ਵੱਲੋਂ ਹੁਣ ਸੂਬੇ ਵਿਚੋਂ ਅੱਜ ਤੋਂ ਕਰਫਿਊ ਵੀ ਹਟਾ ਦਿੱਤਾ ਗਿਆ ਹੈ।