Corona outbreak escalates in Jalandhar: ਜਲੰਧਰ ’ਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਵਧੀ ਜਾ ਰਿਹਾ ਹੈ। ਜ਼ਿਲੇ ਵਿਚ ਇਸ ਦੇ ਵੱਡੀ ਗਿਣਤੀ ਵਿਚ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਮੰਗਲਵਾਰ ਜਲੰਧਰ ਵਿਚ ਕੋਰੋਨਾ ਬੰਬ ਵਾਂਗ ਫੁੱਟਿਆ ਜਾਪਦਾ ਹੈ। ਅੱਜ ਜ਼ਿਲੇ ਵਿਚ ਇਸ ਦੇ 32 ਨਵੇਂ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਦੇ ਨਾਲ ਹੁਣ ਇਸ ਦੇ ਕੁਲ ਪੀੜਤਾਂ ਦੀ ਗਿਣਤੀ ਵਧ ਕੇ 285 ਤੱਕ ਪਹੰਚ ਗਈ ਹੈ। ਦੱਸਣਯੋਗ ਹੈ ਕਿ ਅੱਜ ਸਾਹਮਣੇ ਆਏ ਨਵੇਂ ਮਾਮਲਿਆਂ ਵਿਚੋਂ ਦੋ ਕੇਸ ਹੁਸ਼ਿਆਰਪੁਰ ਜ਼ਿਲੇ ਨਾਲ ਸਬੰਧਤ ਹਨ, ਜਦਕਿ ਬਾਕੀ ਦੇ 30 ਮਾਮਲੇ ਜਲੰਧਰ ਤੋਂ ਹੀ ਹਨ।
ਦੱਸਣਯੋਗ ਹੈ ਕਿ ਜਲੰਧਰ ਵਿਚ ਹੁਣ ਤੱਕ ਕੋਰੋਨਾ ਨਾਲ 13 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ ਅੱਜ ਸਵੇਰੇ ਹੀ ਰੋਜ਼ ਗਾਰਡਨ ਦੀ ਰਹਿਣ ਵਾਲੀ ਇਕ ਕੋਰੋਨਾ ਪਾਜ਼ੀਟਿਵ ਆਈ ਔਰਤ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਉਸ ਦਾ ਇਲਾਜ ਵਰਿਆਮ ਸਿੰਘ ਮੈਮੋਰੀਅਲ ਹਸਪਤਾਲ, ਸ਼ਾਹਕੋਟ ਵਿਚ ਚੱਲ ਰਿਹਾ ਸੀ।
ਜ਼ਿਕਰਯੋਗ ਹੈ ਕਿ ਜਲੰਧਰ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਬੀਤੇ ਦਿਨ ਵੀ ਜ਼ਿਲੇ ਵਿਚ 14 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ, ਜਿਨ੍ਹਾਂ ਵਿਚੋਂ ਦਸ ਲੋਕਾਂ ਦੀ ਕੋਈ ਕੇਸ ਹਿਸਟਰੀ ਦਾ ਕੁਝ ਪਤਾ ਨਹੀਂ ਲੱਗਾ। ਹੁਣ ਤਾਂ ਜ਼ਿਲੇ ਵਿਚ ਫਰੰਟ ਲਾਈਨ ’ਤੇ ਡਿਊਟੀਆਂ ’ਤੇ ਤਾਇਨਾਤ ਡਾਕਟਰ ਤੇ ਹੈਲਥ ਵਰਕਰਾਂ ਤੋਂ ਬਾਅਦ ਪੁਲਿਸ ਮੁਲਾਜ਼ਮ ਵੀ ਕੋਰੋਨਾ ਦੀ ਲਪੇਟ ਵਿਚ ਆਉਣ ਲੱਗੇ ਹਨ। ਬੀਤੇ ਦਿਨ ਮਿਲੇ 14 ਮਾਮਲਿਆਂ ਵਿਚੋਂ ਪੰਜ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਸਿਵਲ ਸਰਜਨ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ 14815 ਲੋਕਾਂ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿਚੋਂ 13582 ਲੋਕਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ।