Corona Positive Case reappear : ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ। ਤਾਜ਼ਾ ਮਾਮਲੇ ਵਿਚ ਫਤਿਹਗੜ੍ਹ ਸਾਹਿਬ ’ਚ ਇਕ ਹੋਰ ਕੋਰੋਨਾ ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਮੰਡੀ ਗੋਬਿੰਦਗੜ੍ਹ ਦੇ ਨਿਊ ਸ਼ਾਂਤੀ ਨਗਰ ਨਾਲ ਸਬੰਧਤ ਹੈ। ਇਹ ਵਿਅਕਤੀ 22 ਮਈ ਨੂੰ ਦਿੱਲੀ ਤੋਂ ਪੰਜਾਬ ਵਾਪਿਸ ਪਰਤਿਆ ਸੀ, ਉਸ ਦੀ ਰਿਪੋਰਟ ਵਿਚ ਅੱਜ ਕੋਰੋਨਾਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਸ ਮਰੀਜ਼ ਨੂੰ ਗਿਆਨ ਸਾਗਰ ਬਨੂੜ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ। ਇਸ ਮਾਮਲੇ ਦੀ ਪੁਸ਼ਟੀ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਐਨ. ਕੇ. ਅਗਰਵਾਲ ਨੇ ਕੀਤੀ।
ਉਨ੍ਹਾਂ ਦੱਸਿਆ ਕਿ ਉਕਤ ਮਰੀਜ਼ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਇਸ ਏਰੀਏ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਇਥੇ ਸੈਨੇਟਾਈਜ਼ਰ ਅਤ ਸਪਰੇਅ ਵੀ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਹੁਣ ਇਹ ਨਵਾਂ ਮਾਮਲਾ ਸਾਹਮਣੇ ਆਉਣ ਨਾਲ ਜ਼ਿਲਾ ਫਤਿਹਗੜ੍ਹ ਸਾਹਿਬ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 58 ਹੋ ਗਈ ਹੈ। ਪਹਿਲਾਂ ਜ਼ਿਲੇ ਵਿਚੋਂ ਪਾਜ਼ੀਟਿਵ ਆਏ 57 ਮਰੀਜ਼ ਗਿਆਨ ਸਾਗਰ ਹਸਪਤਾਲ ਬਨੂੜ ਤੋਂ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ। ਫਿਲਹਾਲ ਇਸ ਜ਼ਿਲੇ ਵਿਚ ਇਹ ਇਕ ਕੇਸ ਹੀ ਐਕਟਿਵ ਹੈ। ਇਸ ਸਬੰਧੀ ਐੱਨ. ਕੇ. ਅਗਰਵਾਲ ਦਾ ਕਹਿਣਾ ਹੈ ਕਿ ਜ਼ਿਲੇ ਭਰ ਵਿਚ ਵੱਖ-ਵੱਖ ਥਾਵਾਂ ਤੋਂ ਕੋਰੋਨਾ ਪਾਜ਼ੀਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਦੇ ਸਿਹਤ ਵਿਭਾਗ ਵੱਲੋਂ ਲਗਾਤਾਰ ਲਏ ਜਾ ਰਹੇ ਹਨ।
ਲਾਕਡਾਊਨ ਵਿਚ ਢਿੱਲ ਦੇਣ ਤੋਂ ਬਾਅਦ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅੰਮ੍ਰਿਤਸਰ ਜ਼ਿਲੇ ਵਿਚ ਅੱਜ ਸਵੇਰੇ ਕੋਰੋਨਾ ਦੇ 9 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਿਕ ਰੋਪੜ ਤੋਂ ਕੋਰੋਨਾ ਦਾ ਇਕ ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਮੋਹਾਲੀ ਜ਼ਿਲੇ ’ਚ ਵੀ ਕੋਰੋਨਾਵਾਇਰਸ ਦੇ ਦੋ ਨਵੇਂ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।