Corona positive doctor and two police : ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਦੇ ਚੱਲਦਿਆਂ ਅੱਜ ਕਪੂਰਥਲਾ ਵਿਚ ਕੋਰੋਨਾ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਇਕ ਡਾਕਟਰ ਅਤੇ ਦੋ ਪੁਲਿਸ ਮੁਲਾਜ਼ਮਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਸਿਹਤ ਵਿਭਾਗ ਵੱਲੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਜਿਹੜਾ ਡਾਕਟਰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ, ਉਹ ਜਲੰਧਰ ਵਿਖੇ ਕਿਡਨੀ ਹਸਪਤਾਲ ਵਿਚ ਸੇਵਾਵਾਂ ਨਿਭਾ ਰਿਹਾ ਹੈ। ਉਕਤ ਡਾਕਟਰ ਕਪੂਰਥਲਾ ਸ਼ਹਿਰ ਦੇ ਅਮਨ ਨਗਰ ਦਾ ਰਹਿਣ ਵਾਲਾ ਹੈ।
ਇਸ ਤੋਂ ਇਲਾਵਾ ਜਿਨ੍ਹਾਂ ਦੋ ਪੁਲਿਸ ਮੁਲਾਜ਼ਮਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ, ਉਹ ਪੀਟੀਯੂ ਕੈਂਪਸ ਵਿਚ ਰਹਿ ਰਹੇ ਹਨ। ਅੱਜ ਕਪੂਰਥਲਾ ’ਚੋਂ ਮਿਲੇ ਇਨ੍ਹਾਂ ਤਿੰਨ ਮਾਮਲਿਆਂ ਨਾਲ ਜ਼ਿਲੇ ਵਿਚ ਹੁਣ ਕੁਲ ਮਰੀਜ਼ਾਂ ਦੀ ਗਿਣਤੀ 27 ਹੋ ਗਈ ਹੈ। ਉਥੇ ਹੀ ਡਾਕਟਰ ਦੀ ਰਿਪੋਰਟ ਪਾਜ਼ੀਟਿਵ ਆਉਣ ਨਾਲ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਕਪੂਰਥਲਾ ਦੇ ਅਮਨ ਨਗਰ ਨੂੰ ਸੀਲ ਕਰ ਦਿੱਤਾ ਗਿਆ ਹੈ। ਐਸ ਐਚ ਓ ਹਰਜਿੰਦਰ ਸਿੰਘ ਸਿਹਤ ਵਿਭਾਗ ਦੀ ਟੀਮ ਨਾਲ ਉਕਤ ਏਰੀਆ ਸੀਲ ਕਰਨ ਲਈ ਪਹੁੰਚੇ। ਇਸ ਦੇ ਨਾਲ ਹੀ ਸਿਹਤ ਵਿਭਾਗ ਵੱਲੋਂ ਉਕਤ ਕੋਰੋਨਾ ਪੀੜਤਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਅੱਜ ਜਲੰਧਰ ਵਿਚ ਆਈਆਂ ਰਿਪੋਰਟਾਂ ਵਿਚ 8 ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ ਇਕ ਮਾਮਲਾ ਗੁਰਦਾਸਪੁਰ ਦਾ ਅਤੇ ਇਕ ਕਪੂਰਥਲਾ ਦਾ ਉਕਤ ਡਾਕਟਰ ਸ਼ਾਮਲ ਹੈ। ਕਿਉਂਕਿ ਡਾਕਟਰ ਕਪੂਰਥਲਾ ਦਾ ਰਹਿਣ ਵਾਲਾ ਹੈ, ਇਸ ਲਈ ਉਕਤ ਡਾਕਟਰ ਦੇ ਕਪੂਰਥਲਾ ਨਾਲ ਸਬੰਧਤ ਹੋਣ ਕਾਰਨ ਇਸ ਮਾਮਲੇ ਨੂੰ ਕਪੂਰਥਲਾ ਵਿਚ ਹੀ ਸ਼ਾਮਲ ਕੀਤਾ ਗਿਆ ਹੈ।