Corona Positive patients roaming openly : ਜਲੰਧਰ ਵਿਖੇ ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿਥੇ ਅਪ੍ਰੈਲ ਵਿਚ ਜ਼ਿਲੇ ਵਿਚੋਂ ਲਏ ਗਏ ਸੈਂਪਲਾਂ ਵਿਚ 4 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ, ਪਰ ਵਿਭਾਗ ਕੋਲ ਇਨ੍ਹਾਂ ਮਰੀਜ਼ਾਂ ਦਾ ਕੋਈ ਡਾਟਾ ਹੀ ਨਹੀਂ ਹੈ ਅਤੇ ਨਾ ਹੀ ਇਨ੍ਹਾਂ ਮਰੀਜ਼ਾਂ ਨੂੰ ਹਸਪਤਾਲ ਵਿਚ ਸ਼ਿਫਟ ਕੀਤਾ ਗਿਆ ਸੀ। ਵੀਰਵਾਰ ਤੱਕ ਇਨ੍ਹਾਂ ਮਰੀਜ਼ਾਂ ਦੀਆਂ ਸੈਂਪਲਾਂ ਦੀ ਰਿਪੋਰਟ ਵਿਭਾਗ ਕੋਲ ਪੈਂਡਿੰਗ ਹੀ ਆ ਰਹੀ ਸੀ। ਇਸ ਬਾਰੇ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਮਰੀਜ਼ਾਂ ਦੇ ਸੈਂਪਲ ਤਾਂ ਲਏ ਗਏ ਸਨ, ਪਰ ਮਰੀਜ਼ਾਂ ਦੀ ਰਿਪੋਰਟ ਉਨ੍ਹਾਂ ਨੂੰ ਨਹੀਂ ਮਿਲੀ, ਉਥੇ ਹੀ ਪੀਜੀਆਈ ਲੈਬਾਰਟਰੀ ਦੇ ਅਧਿਕਾਰੀਆਂ ਨੇ ਤਰਕ ਦਿੱਤਾ ਹੈ ਕਿ ਉਨ੍ਹਾਂ ਵੱਲੋਂ ਰਿਪੋਰਟ ਵਿਭਾਗ ਨੂੰ ਭੇਜੀ ਗਈ ਸੀ।
ਅਸਲ ਵਿਚ ਇਹ ਖੁਲਾਸਾ ਆਈਸੀਐਮਆਰ ਦੀ ਰਿਪੋਰਟ ਵਿਚ ਉਦੋਂ ਹੋਇਆ ਜਦੋਂ ਆਈਸੀਐਮਆਰ ਨੇ ਸਟੇਟ ਹੈਲਤਵਿਭਾਗ ਦੇ ਡਾਟਾ ਨਾਲ ਜਲੰਧਰ ਜ਼ਿਲੇ ਤੋਂ ਆਏ ਸੈਂਪਲਾਂ ਦੀ ਰਿਪੋਰਟ ਨੂੰ ਮੈਚ ਕੀਤਾ। ਇਸ ਵਿਚ 7 ਮਰੀਜ਼ ਅਜਿਹੇ ਸਨ, ਜਿਨ੍ਹਾਂ ਦੇ ਸੈਂਪਲ ਅਪ੍ਰੈਲ ਮਹੀਨੇ ਵਿਚ ਲਏ ਗਏ ਸਨ ਤੇ ਉਹ ਪਾਜ਼ੀਟਿਵ ਆਏ ਸਨ। ਇਨ੍ਹਾਂ ਵਿਚੋਂ ਚਾਰ ਮਰੀਜ਼ ਜਲੰਧਰ ਦੇ ਸਨ ਅਤੇ ਤਿੰਨ ਮਰੀਜ਼ਾਂ ਦੇ ਸੈਂਪਲ ਬਾਹਰਲੇ ਸੂਬਿਆਂ ’ਚ ਹੋਏ ਸਨ ਪਰ ਉਹ ਵੀ ਜਲੰਧਰ ਨਾਲ ਹੀ ਸਬੰਧਤ ਹਨ, ਜਿਨ੍ਹਾਂ ਦੀ ਰਿਪੋਰਟ ਸੂਬੇ ਕੋਲ ਵੀ ਨਹੀਂ ਹੈ। ਸਭ ਤੋਂ ਵੱਡੀ ਗੱਲ ਸਾਹਮਣੇ ਆ ਰਹੀ ਹੈ ਕਿ ਆਈਸੀਐਮਆਰ ਦਾ ਡਾਟਾ ਸਟੇਟ ਨਾਲ ਅਤੇ ਸਟੇਟ ਹੈਲਥ ਵਿਭਾਗ ਦਾ ਡਾਟਾ ਜ਼ਿਲਿਆਂ ਨਾਲ ਮੈਚ ਨਹੀਂ ਕਰ ਰਿਹਾ ਹੈ।
ਦੱਸਣਯੋਗ ਹੈ ਕਿ ਆਈਸੀਐਮਆਰ ਵੱਲੋਂ ਜਿਨ੍ਹਾਂ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ ਉਨ੍ਹਾਂ ਦੇ ਸੈਂਪਲ 20 ਅਪ੍ਰੈਲ ਨੂੰ ਲਏ ਗਏ ਸਨ ਅਤੇ ਉਹ 20 ਮਈ ਤੱਕ ਪੈਂਡਿੰਗ ਚੱਲ ਰਹੇ ਸਨ। ਇਹ ਮਰੀਜ਼ ਸੰਤੋਖਪੁਰਾ, ਬਸਤੀ ਸ਼ੇਖ ਬੇਗਮਪੁਰਾ ਅਤੇ ਨਿਊ ਰਸੀਲਾ ਨਗਰ ਦੇ ਹੀ ਰਹਿਣ ਵਾਲੇ ਹਨ। ਇਨ੍ਹਾਂ ਇਲਾਕਿਆਂ ਵਿਚ ਤਿੰਨ ਤੋਂ ਵੱਧ ਪਾਜ਼ੀਟਿਵ ਮਰੀਜ਼ ਮਿਲੇ ਸਨ ਅਤੇ ਇਹ ਏਰੀਆ ਕਾਫੀ ਦੇਰ ਤੱਕ ਹੌਟਸਪੌਟ ਅਤੇ ਕੰਟੇਨਮੈਂਟ ਜ਼ੋਨ ਵਿਚ ਹੀ ਰਹੇ ਹਨ। ਇਹ ਮਰੀਜ਼ ਪਹਿਲਾਂ ਤੋਂ ਹੀ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਾਲੇ ਸਨ। ਦੱਸਣਯੋਗ ਹੈ ਕਿ ਸੈਂਪਲਸ ਦੀ ਰਿਪੋਰਟ 24 ਘੰਟਿਆਂ ਵਿਚ ਭੇਜ ਦਿੱਤੀ ਜਾਂਦੀ ਹੈ ਪਰ ਵਿਭਾਗ ਦੀ ਲਾਪਰਵਾਹੀ ਹੈ ਕਿ ਜਿਹੜੀ ਰਿਪੋਰਟ ਸ਼ਾਮ ਨੂੰ ਆਉਂਦੀ ਹੈ, ਉਨ੍ਹਾਂ ਮਰੀਜ਼ਾਂ ਨੰ ਅਗਲੇ ਦਿਨ ਸਿਵਲ ਹਸਪਤਾਲ ਲਿਆਇਆ ਜਾਂਦਾ ਹੈ। ਅਧਿਕਾਰੀਆਂ ਦਾ ਤਰਕ ਹੈ ਕਿ ਰਾਤ ਵੇਲੇ ਮਰੀਜ਼ਾਂ ਨੂੰ ਹਸਪਤਾਲ ਲਿਆਉਣ ’ਚ ਕਾਫੀ ਦਿੱਕਤ ਹੁੰਦੀ ਹੈ।