Corona Positive prisoner escapes from Amritsar : ਅੰਮ੍ਰਿਤਸਰ ਵਿਖੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਅਧੀਨ ਕੋਰੋਨਾ ਪਾਜ਼ੀਟਿਵ ਕੈਦੀ ਦੇ ਪ੍ਰਤਾਪ ਸਿੰਘ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਉਥੇ ਹੀ ਦੂਜੇ ਪਾਸੇ ਇਸ ਕੈਦੀ ਦੀ ਸੁਰੱਖਿਆ ਵਿਚ ਲੱਗੇ ਚਾਰੇ ਪੁਲਿਸ ਮੁਲਾਜ਼ਮ ਵੀ ਉਥੇ ਮੌਜੂਦ ਨਹੀਂ ਮਿਲੇ। ਘਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ ਥਾਣਾ ਮਜੀਠਾ ਰੋਡ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ 12 ਵਜੇ ਦੇ ਕਰੀਬ ਪ੍ਰਤਾਪ ਸਿੰਘ ਨੇ ਉਸ ਦੀ ਸੁਰੱਖਿਆ ’ਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਟਾਇਲਟ ਲਿਜਾਣ ਲਈ ਕਿਹਾ। ਟਾਇਲਟ ਜਾਣ ਵੇਲੇ ਉਸ ਨੇ ਪੁਲਿਸ ਮੁਲਾਜ਼ਮਾਂ ਨੂੰ ਉਸ ਦੀ ਹਥਕੜੀ ਖੋਲ੍ਹਣ ਲਈ ਕਿਹਾ।
ਹੱਥਕੜ੍ਹੀ ਖੋਲ੍ਹਦਿਆਂ ਹੀ ਕੈਦੀ ਪ੍ਰਤਾਪ ਸਿੰਘ ਦੋਹਾਂ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਮਾਰ ਕੇ ਵਾਰਡ ਵਿਚੋਂ ਫਰਾਰ ਹੋ ਗਿਆ। ਫਿਲਹਾਲ ਉਨ੍ਹਾਂ ਦੀ ਸੁਰੱਖਿਆ ’ਚ ਤਾਇਨਾਤ ਮੁਲਾਜ਼ਮਾਂ ਦਾ ਵੀ ਕੁਝ ਪਤਾ ਨਹੀਂ ਲੱਗਾ। ਇਸ ਬਾਰੇ ਥਾਣਾ ਮਜੀਠਾ ਦੇ ਪੁਲਿਸ ਇੰਚਾਰਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਚਾਰੇ ਪੁਲਿਸ ਮੁਲਾਜ਼ਮ ਅੰਮ੍ਰਿਤਸਰ ਦਿਹਾਤੀ ਦੇ ਹਨ। ਉਨ੍ਹਾਂ ਕਿਹਾ ਕਿ ਫਰਾਰ ਹੋਏ ਕੈਦੀ ਦੀ ਸੁਰੱਖਿਆ ’ਚ ਤਾਇਨਾਤ 4 ਪੁਲਿਸ ਮੁਲਾਜ਼ਮਾਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਇਸ ਕੈਦੀ ਪ੍ਰਤਾਪ ਸਿੰਘ ਦੇ ਸੰਪਰਕ ਵਿਚ ਅੰਮ੍ਰਿਤਸਰ ਜ਼ਿਲੇ ਦੀਆਂ ਅਦਾਲਤਾਂ ਦੇ ਜੱਜਾਂ ਦੇ ਕੋਰੋਨਾ ਸੈਂਪਲ ਲੈ ਕੇ ਵੀ ਜਾਂਚ ਲਈ ਭੇਜੇ ਗਏ ਸਨ। ਉਨ੍ਹਾਂ ਜੱਜਾਂ ਦੀ ਰਿਪੋਰਟ ਅੱਜ ਨੈਗੇਟਿਵ ਆਈ ਹੈ। ਮੈਡੀਕਲ ਕਾਲਜ ਅੰਮ੍ਰਿਤਸਰ ਦੀ ਮਾਈਕ੍ਰੋਬਾਓਲਾਜੀ ਲੈਬਾਰਟਰੀ ’ਚ ਜੱਜਾਂ ਦੀ ਰਿਪੋਰਟ ਲਈ ਵਿਸ਼ੇਸ਼ ਟੈਸਟਿੰਗ ਕੀਤੀ ਗਈ, ਜਿਨ੍ਹਾਂ ਵਿਚ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ।