Corona Rage in Punjab : ਪੰਜਾਬ ’ਚ ਕੋਰੋਨਾ ਨੇ ਪੂਰਾ ਕਹਿਰ ਮਚਾਇਆ ਹੋਇਆ ਹੈ। ਅੱਜ ਫਿਰ ਸੂਬੇ ’ਚ ਵੱਡੀ ਗਿਣਤੀ ਵਿਚ ਮਾਮਲੇ ਸਾਹਮਣੇ ਆਏ ਹਨ, ਜਿਥੇ ਅੰਮ੍ਰਿਤਸਰ ਤੋਂ 26 ਤੇ ਬਰਨਾਲਾ ਤੋਂ 8 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਅੰਮ੍ਰਿਤਸਰ ’ਚ ਕੋਰੋਨਾ ਦੇ ਇਕੱਠੇ 26 ਮਾਮਲੇ ਸਾਹਮਣੇ ਆਉਣ ਨਾਲ ਜਿਥੇ ਕੋਰੋਨਾ ਪੀੜਤਾਂ ਦੀ ਗਿਣਤੀ ਹੁਣ 683 ਹੋ ਗਈ ਹੈ, ਉਥੇ ਜ਼ਿਲੇ ਦੇ ਲੋਕਾਂ ਵਿਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਹਾਲਾਂਕਿ ਜ਼ਿਲੇ ਵਿਚੋਂ 475 ਲੋਕ ਕੋਰੋਨਾ ਨੂੰ ਮਾਤ ਦੇ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ ਪਰ ਅਜੇ ਵੀ ਇਸ ਦੇ ਐਕਟਿਵ ਮਾਮਲਿਆਂ ਦੀ ਗਿਣਤੀ 157 ਹੈ। ਇਸ ਤੋਂ ਇਲਾਵਾ ਇਸ ਮਹਾਮਾਰੀ ਨਾਲ ਜ਼ਿਲੇ ਵਿਚ 25 ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੱਸਣਯੋਗ ਹੈ ਕਿ ਅੱਜ ਸਵੇਰੇ ਵੀ ਅੰਮ੍ਰਿਤਸਰ ਜ਼ਿਲੇ ਵਿਚ 8 ਹੋਰ ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਇਸ ਮੁਤਾਬਕ ਅੱਜ ਇਕੋ ਹੀ ਦਿਨ ਵਿਚ 34 ਮਾਮਲੇ ਸਾਹਮਣੇ ਆਏ ਹਨ।
ਉਥੇ ਹੀ ਬਰਨਾਲਾ ਤੋਂ ਇਸ ਦੇ ਅੱਠ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 6 ਪ੍ਰਵਾਸੀ ਮਜ਼ੂਰ ਹਨ, ਜਦਕਿ ਇਕ ਬਰਨਾਲਾ ਦੀ ਹੀ ਰਹਿਣ ਵਾਲੀ ਔਰਤ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ, ਜੋਕਿ ਭਦੋੜ ਵਿਚ ਪਹਿਲਾਂ ਤੋਂ ਹੀ ਪਾਜ਼ੀਟਿਵ ਮਰੀਜ਼ ਦੇ ਸੰਪਰਕ ਵਿਚ ਆਈ ਸੀ। ਇਕ ਮਾਮਲਾ ਸ਼ਹਿਰ ਦੇ ਪੌਸ਼ ਇਲਾਕੇ ਤੋਂ ਹੈ। ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਕਰਦੇ ਹੋਏ ਸਿਵਲ ਸਰਜਨ ਡਾ. ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਝੋਨਾ ਪਾਜ਼ੀਟਿਵ ਆਏ 6 ਪ੍ਰਵਾਸੀ ਮਜ਼ਦੂਰ ਬਿਹਾਰ ਤੋਂ ਪੰਜਾਬ ਵਿਚ ਝੋਨਾ ਲਗਾਉਣ ਆਏ ਸਨ, ਜਿਨ੍ਹਾਂ ਵਿਚੋਂ ਇਕ ਤੰਜਾਲਆਲਮ ਨਾਂ ਦਾ ਮਜ਼ਦੂਰ ਰਾਏਸਰ ਅਤੇ ਬਾਕੀ ਪੰਜ ਮਜ਼ਦੂਰ ਮੁਹੰਮਦ ਸੰਜੂ, ਨਸੀਮ ਅਖਤਰ, ਅਖਤਰ ਹੁਸੈਨ, ਸਾਮਸੁਜਾਮਾ ਪਿੰਡ ਨਾਈਵਾਲਾ ’ਚ ਆਏ ਸਨ। ਇਨ੍ਹਾਂ ਦੇ ਸੂਬੇ ਤੋਂ ਬਾਹਰੋਂ ਆਉਣ ਕਰਕੇ ਕੋਰੋਨਾ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ ਦੀ ਅੱਜ ਰਿਪੋਰਟ ਵਿਚ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ।
ਦੱਸਣਯੋਗ ਹੈ ਕਿ ਪੰਜਾਬ ਵਿਚ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ਤੋਂ ਕੋਰੋਨਾ ਦੇ 683, ਜਲੰਧਰ ਤੋਂ 416, ਲੁਧਿਆਣਾ ਤੋਂ 456, ਤਰਨਤਾਰਨ ਤੋਂ 177, ਮੋਹਾਲੀ ਤੋਂ 184, ਹੁਸ਼ਿਆਰਪੁਰ ਤੋਂ 149, ਪਟਿਆਲਾ ’ਚ 181, ਸੰਗਰੂਰ ’ਚ 169, ਨਵਾਸ਼ਹਿਰ ਤੋਂ 121, ਗੁਰਦਾਸੁਪਰ ਤੋਂ 171, ਮੁਕਤਸਰ ਤੋਂ 73, ਮੋਗਾ ਤੋਂ 74, ਫਰੀਦਕੋਟ ਤੋਂ 89, ਫਿਰੋਜ਼ਪੁਰ ਤੋਂ 58, ਫਾਜ਼ਿਲਕਾ ਤੋਂ 54, ਬਠਿੰਡਾ ਤੋਂ 61, ਪਠਾਨਕੋਟ ਤੋਂ 157, ਬਰਨਾਲਾ ਤੋਂ 31, ਮਾਨਸਾ ਤੋਂ 37, ਫਤਿਹਗੜ੍ਹ ਸਾਹਿਬ ਤੋਂ 81, ਕਪੂਰਥਲਾ ਤੋਂ 49 ਤੇ ਰੋਪੜ ਤੋਂ 82 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ ਸੂਬੇ ਵਿਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 84 ਹੋ ਗਈ ਹੈ।