Counterfeit liquor factories in Punjab : ਚੰਡੀਗੜ੍ਹ : ਪੰਜਾਬ ਵਿੱਚ ਪਿਛਲੇ ਦਿਨੀਂ ਜ਼ਹਿਰਲੀ ਸ਼ਰਾਬ ਕਾਰਨ ਸੈਂਕੜੇ ਜਾਨਾਂ ਗਈਆਂ ਹਨ ਅਤੇ ਅਜੇ ਵੀ ਸੂਬੇ ਵਿੱਚ ਇਸ ਦਾ ਕਾਰੋਬਾਰ ਜ਼ੋਰਾਂ ’ਤੇ ਚੱਲ ਰਿਹਾ ਹੈ। ਹਾਲਾਂਕਿ ਪੁਲਿਸ ਵੱਲੋਂ ਇਸ ਸੰਬੰਧੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਪਰ ਅਜੇ ਵੀ ਇਹ ਕਾਰੋਬਾਰ ਪੰਜਾਬ ਵਿੱਚ ਧੜੱਲੇ ਨਾਲ ਚੱਲ ਰਿਹਾ ਹੈ। ਇਸ ਕਾਰੋਬਾਰ ਵਿੱਚ ਸਿਆਸੀ ਆਗੂਆਂ ਦਾ ਸੰਬੰਧ ਨਿਕਲਦਾ ਹੈ। ਇਸੇ ਸੰਬੰਧ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਰਾਜਪਾਲ ਨੂੰ ਪੱਤਰ ਨੂੰ ਇੱਕ ਪੱਤਰ ਲਿਖ ਕੇ ਸ਼ਰਾਬ ਦੀਆਂ ਨਾਜਾਇਜ਼ ਫੈਕਟਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਅਤੇ ਇਨ੍ਹਾਂ ਕਾਰੋਬਾਰਾਂ ਪਿੱਛੇ ਕਾਂਗਰਸੀ ਆਗੂਆਂ ਦਾ ਹੱਥ ਹੋਣ ਬਾਰੇ ਜਾਣੂ ਕਰਵਾਇਆ। ਇਸ ਦੇ ਨਾਲ ਹੀ ਚੀਮਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਸਬੰਧੀ ਗੱਲਬਾਤ ਕਰਨ ਲਈ ਰਾਜਪਾਲ ਮਿਲਣ ਦਾ ਸਮਾਂ ਦੇਣ।
ਚੀਮਾ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਪਟਿਆਲਾ ਵਿਚ ਚੱਲਦੀਆਂ ਨਾਜਾਇਜ਼ ਸ਼ਰਾਬ ਦੀਆਂ ਫ਼ੈਕਟਰੀਆਂ ਪੁਲਿਸ ਵੱਲੋਂ ਫੜੀਆਂ ਗਈਆਂ ਹਨ ਅਤੇ ਇਨ੍ਹਾਂ ਦੇ ਪਿੱਛੇ ਦੋਸ਼ੀ ਕਾਂਗਰਸ ਪਾਰਟੀ ਨਾਲ ਸੰਬੰਧ ਰਖਦੇ ਹਨ। ਰਾਜਪੁਰਾ ਤੋਂ ਵਿਧਾਇਕ ਹਰਦਿਆਲ ਕੰਬੋਜ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨਾਲ ਨਜ਼ਦੀਕੀ ਸਬੰਧ ਹਨ। ਦੋਵੇਂ ਵਿਧਾਇਕਾਂ ਦੇ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਗਹਿਰੇ ਸਬੰਧ ਹਨ। ਆਪ ਆਗੂ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਦੀ ਸ਼ਹਿ ‘ਤੇ ਕਾਂਗਰਸੀ ਵਿਧਾਇਕਾਂ ਵੱਲੋਂ ਅਜਿਹੇ ਅਪਰਾਧ ਕੀਤੇ ਜਾ ਰਹੇ ਹਨ, ਦੋਸ਼ੀਆਂ ਨੂੰ ਮੁੱਖ ਮੰਤਰੀ ਦੇ ਨਜ਼ਦੀਕੀ ਵਿਧਾਇਕਾਂ ਵੱਲੋਂ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ।
ਉਨ੍ਹਾਂ ਮੁੱਖ ਮੰਤਰੀ ‘ਤੇ ਸ਼ਰਾਬ ਦੇ ਕਾਰੋਬਾਰ ਵਿਚ ਸ਼ਾਮਲ ਵਿਧਾਇਕਾਂ ਉੱਪਰ ਕੋਈ ਵੀ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਅਤੇ ਇਸ ਮਾਮਲੇ ਵਿੱਚ ਰਾਜਪਾਲ ਨੂੰ ਦੋਸ਼ੀਆਂ ਖਿਲਾਫ ਕਾਰਵਾਈ ਦੀ ਸਿਫਾਰਿਸ਼ ਕਰਨ ਦੀ ਮੰਗ ਕੀਤੀ। ਮੁੱਖ ਮੰਤਰੀ ਕੋਲ ਗ੍ਰਹਿ ਵਿਭਾਗ ਦੇ ਨਾਲ ਆਬਕਾਰੀ ਤੇ ਕਰ ਵਿਭਾਗ ਹੋਣ ਦੇ ਬਾਵਜੂਦ ਇਨ੍ਹਾਂ ਸ਼ਰਾਬ ਤਸਕਰਾਂ ਨੂੰ ਕਾਬੂ ਕਰਨ ਵਿਚ ਫ਼ੇਲ੍ਹ ਹੋਏ ਹਨ। ਅਜਿਹੀਆਂ ਸਥਿਤੀਆਂ ਵਿਚ ਮੁੱਖ ਮੰਤਰੀ ਕੋਲ ਨੈਤਿਕ ਆਧਾਰ ਉੱਤੇ ਇਨ੍ਹਾਂ ਵਿਭਾਗਾਂ ਨੂੰ ਰੱਖਣਾ ਕੋਈ ਹੱਕ ਨਹੀਂ ਹੈ।