Courts will not open until : ਪੰਜਾਬ ਵਿਚ 31 ਮਈ ਤਕ ਲੌਕਡਾਊਨ ਜਾਰੀ ਰਹੇਗਾ ਜਦਕਿ ਕਰਫਿਊ ਖਤਮ ਕਰ ਦਿੱਤਾ ਗਿਆ ਹੈ। ਇਸੇ ਅਧੀਨ ਪੰਜਾਬ ਸਰਕਾਰ ਵਲੋਂ ਬਹੁਤ ਸਾਰੀਆਂ ਆਰਥਿਕ ਗਤੀਵਿਧੀਆਂ ਖੋਲ੍ਹ ਦਿੱਤੀਆਂ ਗਈਆਂ ਹਨ ਪਰ ਅਜੇ ਪੰਜਾਬ ਅਧੀਨ ਆਉਣ ਵਾਲੀਆਂ ਜਿਲ੍ਹਾ ਅਦਾਲਤਾਂ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਤਾਂ ਜੋ ਅਦਾਲਤਾਂ ਵਿਚ ਇਕੋਦਮ ਭੀੜ ਨਾ ਇਕੱਠੀ ਹੋ ਸਕੇ ਕਿਉਂਕਿ ਅਜੇ ਤਕ ਇਸ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਹਨ ਪਰ ਕੁਝ ਜ਼ਰੂਰੀ ਕੇਸਾਂ ਦੀ ਸੁਣਵਾਈ ਅਦਾਲਤਾਂ ਵਿਚ ਜ਼ਰੂਰ ਹੋਵੇਗੀ। ਇਸ ਲਈ ਲੁਧਿਆਣਾ ਦੇ ਜਿਲ੍ਹਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਢਿੱਲੋਂ ਵਲੋਂ ਡਿਊਟੀਆਂ ਨੂੰ ਲਗਾ ਦਿੱਤਾ ਗਿਆ ਹੈ। ਜੱਜ ਗੁਰਬੀਰ ਸਿੰਘ ਢਿੱਲੋਂ ਨੇ ਲੁਧਿਆਣਾ ਵਿਖੇ ਦੋ ਬੈਚਾਂ ਬਣਾ ਦਿੱਤੇ ਹਨ। ਇਸ ਅਧੀਨ ਇਕ ਬੈਚ ਇਕ ਦਿਨ ਤੇ ਦੂਜਾ ਬੈਚ ਦੂਜੇ ਦਿਨ ਆਪਣੀਆਂ ਡਿਊਟੀਆਂ ਨੂੰ ਨਿਭਾਉਣਗੇ ਤੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਗਿਆ ਹੈ ਕਿ ਜਿਥੇ ਸੰਭਵ ਹੋ ਸਕੇ ਉਹ ਵੀਡੀਓ ਕਾਨਫਰਿਸੰਗ ਰਾਹੀਂ ਵੀ ਕੇਸਾਂ ਦੀ ਸੁਣਵਾਈ ਕਰ ਸਕਦੇ ਹਨ।
ਜੱਜ ਗੁਰਬੀਰ ਸਿੰਘ ਨੇ ਦੱਸਿਆ ਕਿ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਹੀ ਕੇਸਾਂ ਦੀ ਸੁਣਵਾਈ ਹੋ ਸਕੇਗੀ। ਇਸ ਤੋਂ ਬਾਅਦ ਵਾਲੇ ਕਿਸੇ ਵੀ ਕੇਸ ਨੂੰ ਨੋਟਿਸ ਵਿਚ ਨਹੀਂ ਲਿਆਂਦਾ ਜਾਵੇਗਾ। ਜੱਜ ਗੁਰਬੀਰ ਸਿੰਘ ਨੇ ਵਕੀਲਾਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਜੇਕਰ ਕੋਈ ਕੇਸ ਸ਼ਾਮ ਨੂੰ 4 ਵਜੇ ਤੋਂ ਬਾਅਦ ਆ ਜਾਂਦਾ ਹੈ ਤਾਂ ਉਹ ਉਸ ਦੀ ਸੁਣਵਾਈ ਅਗਲੇ ਦਿਨ ਤਕ ਪੈਂਡਿੰਗ ਰੱਖ ਸਕਦੇ ਹਨ। ਜੇਕਰ ਕਿਸੇ ਵਕੀਲ ਵਲੋਂ ਆਪਣੇ ਕੇਸ ਨੂੰ ਦੁਪਹਿਰ ਤੋਂ ਪਹਿਲਾਂ ਈ-ਮੇਲ ਕਰ ਦਿੱਤਾ ਜਾਂਦਾ ਹੈ ਤਾਂ ਉਸ ਦੀ ਸੁਣਵਾਈ ਉਸੇ ਦਿਨ ਹੀ ਕਰਨੀ ਪਵੇਗੀ। ਜੱਜ ਨੇ ਕਿਹਾ ਕਿ ਉਹ ਰੋਜ਼ਾਨਾ ਸੁਣਵਾਈ ਵਾਲੇ ਕੇਸਾਂ ਦੇ ਆਰਡਰ ਆਪਣੀ ਵੈੱਬਸਾਈਟ ‘ਤੇ ਅਪਲੋਡ ਕਰਨ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ।