Covid-19 cases Spike: ਵਾਸ਼ਿੰਗਟਨ: ਅਮਰੀਕਾ ਦੇ ਕਈ ਸੂਬਿਆਂ ਨੇ ਆਪਣੀ ਅਰਥਵਿਵਸਥਾ ਨੂੰ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ, ਪਰ ਉੱਥੇ ਹੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਸ ਨਾਲ ਕੋਵਿਡ-19 ਦੇ ਮਾਮਲੇ ਵਧਣਗੇ ਤਾਂ ਇਸ ਨੂੰ ਸਪੱਸ਼ਟ ਹੋਣ ਵਿੱਚ ਕਈ ਹਫਤੇ ਲੱਗ ਸਕਦੇ ਹਨ। ਪੂਰੇ ਦੇਸ਼ ਵਿੱਚ ਕੋਵਿਡ-19 ਸੰਕਰਮਣ ਦੀ ਸਥਿਤੀ ਵੱਖੋ-ਵੱਖ ਹੈ । ਕੁਝ ਸਥਾਨਾਂ ‘ਤੇ ਮਾਮਲੇ ਵੱਧ ਰਹੇ ਹਨ ਤੇ ਕੁਝ ਸਥਾਨਾਂ ‘ਤੇ ਮਾਮਲੇ ਘੱਟ ਰਹੇ ਹਨ।
ਇਸ ਬਾਰੇ ਹਾਵਰਡ ਗਲੋਬਲ ਹੈਲਥ ਇੰਸਟੀਚਿਊਟ ਦੇ ਸਹਾਇਕ ਪ੍ਰੋਫੈਸਰ ਥਾਮਸ ਤਸਾਈ ਨੇ ਕਿਹਾ ਕਿ ਹੁਣ ਚੁਣੌਤੀ ਇਹ ਹੈ ਕਿ ਸਾਡਾ ਧਿਆਨ ਰਾਸ਼ਟਰੀ ਅੰਕੜਿਆਂ ‘ਤੇ ਕੇਂਦਰਿਤ ਹੈ ਜਦਕਿ ਅਸੀਂ ਇਹ ਦੇਖ ਰਹੇ ਹਾਂ ਕਿ 50 ਵੱਖ-ਵੱਖ ਸਥਾਨਾਂ ‘ਤੇ 50 ਵੱਖ-ਵੱਖ ਅੰਕੜੇ ਹਨ । ਉਨ੍ਹਾਂ ਕਿਹਾ ਕਿ ਅਸੀਂ ਕੋਵਿਡ-19 ਦੇ ਬਾਰੇ ਇਹ ਦੇਖ ਚੁੱਕੇ ਹਾਂ ਕਿ ਹਾਲਾਤ ਤੇ ਪ੍ਰਭਾਵ ਸਥਾਨਕ ਹੁੰਦੇ ਹਨ। ਕੁਝ ਸੂਬਿਆਂ ਨੇ ਦੋ ਹਫਤਿਆਂ ਬਾਅਦ ਹੀ ਬੰਦ ਵਿੱਚ ਰਿਆਇਤ ਦੇਣੀ ਸ਼ੁਰੂ ਕਰ ਦਿੱਤੀ ਸੀ। ਟੈਕਸਾਸ ਵਿੱਚ ਸ਼ਾਪਿੰਗ ਮਾਲ ਖੁੱਲ੍ਹਣੇ ਸ਼ੁਰੂ ਹੋ ਗਏ, ਦੱਖਣੀ ਕੈਰੋਲਾਈਨਾ ਵਿੱਚ ਸਮੁੰਦਰੀ ਤੱਟ ‘ਤੇ ਸਥਿਤ ਹੋਟਲਾਂ ਨੂੰ ਖੋਲ੍ਹਿਆ ਗਿਆ ਤੇ ਵਾਯੋਮਿੰਗ ਵਿੱਚ ਜਿਮ ਤੱਕ ਖੋਲ੍ਹ ਦਿੱਤੇ ਗਏ ਹਨ ।
ਜਾਨ ਹਾਪਕਿਨਸ ਸੈਂਟਰ ਫਾਰ ਹੈਲਥ ਸਕਿਓਰਿਟੀ ਨੇ ਕਿਹਾ ਕਿ ਕਾਰੋਬਾਰਾਂ ਨੂੰ ਖੋਲ੍ਹੇ ਜਾਣ ਦਾ ਪ੍ਰਭਾਵ ਤਕਰੀਬਨ 5 ਤੋਂ 6 ਹਫਤੇ ਬਾਅਦ ਹੀ ਦਿਖ ਸਕਦਾ ਹੈ। ਵਾਟਸਨ ਨੇ ਇੱਕ ਈਮੇਲ ਵਿੱਚ ਕਿਹਾ ਕਿ ਜਿਵੇਂ ਕਿ ਅਸੀਂ ਸ਼ੁਰੂ ਵਿੱਚ ਦੇਖਿਆ ਕਿ ਕੋਵਿਡ-19 ਮਹਾਂਮਾਰੀ ਹੌਲੀ-ਹੌਲੀ ਸ਼ੁਰੂ ਹੁੰਦੀ ਹੈ ਤੇ ਇਹ ਕੁਝ ਸਮਾਂ ਆਪਣੇ ਪੈਰ ਜਮਾਉਣ ਵਿੱਚ ਲੈਂਦੀ ਹੈ ਤੇ ਫਿਰ ਸਾਫ ਤੌਰ ‘ਤੇ ਇਸ ਦਾ ਅਸਰ ਦਿਖਣ ਲੱਗਦਾ ਹੈ । ਕੋਰੋਨਾ ਵਾਇਰਸ ਸੰਕਰਮਣ ਦੇ ਪੁਸ਼ਟੀ ਵਾਲੇ ਮਾਮਲਿਆਂ ਦੇ ਵਿਸ਼ਲੇਸ਼ਣ ਵਿੱਚ ਐਸੋਸੀਏਟਡ ਪ੍ਰੈੱਸ ਨੇ ਪਤਾ ਲਾਇਆ ਕਿ ਮਿਨਿਸੋਟਾ ਨੇ ਹੈਨੇਪਿਨ ਕਾਊਂਟੀ, ਵਰਜੀਨੀਆ ਦੇ ਫੇਅਰਫਾਕਸ ਕਾਊਂਟੀ ਵਿੱਚ ਰੋਜ਼ਾਨਾ ਨਵੇਂ ਮਾਮਲੇ ਵੱਧ ਰਹੇ ਹਨ, ਜਦਕਿ ਨਿਊ ਜਰਸੀ ਦੇ ਬਰਗਨ ਕਾਊਂਟਟੀ, ਮਿਸ਼ਿਗਨ ਦੇ ਵੇਨ ਕਾਊਂਟੀ ਵਿਚ ਮਾਮਲਿਆਂ ਵਿੱਚ ਗਿਰਾਵਟ ਆ ਰਹੀ ਹੈ।
ਦੱਸ ਦੇਈਏ ਕਿ ਇੱਕ ਪੱਤਰਕਾਰ ਸੰਮੇਲਨ ਵਿੱਚ ਡਾਕਟਰ ਮਾਈਕਲ ਰਾਇਨ ਨੇ ਕਿਹਾ ਕਿ ਹੋ ਸਕਦਾ ਹੈ ਕਿ ਇਹ ਵਾਇਰਸ ਕਦੇ ਖਤਮ ਨਾ ਹੋਵੇ। ਦੁਨੀਆ ਦੇ ਵੱਖੋ-ਵੱਖ ਦੇਸ਼ਾਂ ਵਾਂਗ ਅਮਰੀਕਾ ਵਿੱਚ ਵੀ ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਨੌਕਰੀਆਂ ਕੋਰੋਨਾ ਵਾਇਰਸ ਕਾਰਨ ਗਈਆਂ ਹਨ । ਅਪ੍ਰੈਲ ਵਿਚ ਅਮਰੀਕਾ ਵਿਚ ਬੇਰੋਜ਼ਗਾਰੀ ਦਰ ਵਧ ਕੇ 14.7 ਫੀਸਦੀ ਹੋ ਗਈ ਸੀ।