Covid-19 woman gives birth : ਫਿਰੋਜ਼ਪੁਰ : ਇਸ ਸਮੇਂ ਪੂਰਾ ਸੂਬਾ ਕੋਵਿਡ-19 ਸੰਕਟ ਨਾਲ ਜੂਝ ਰਿਹਾ ਹੈ। ਸੰਕਟ ਦੀ ਇਸ ਮੁਸ਼ਕਲ ਘੜੀ ਦੌਰਾਨ ਫਿਰੋਜ਼ਪੁਰ ਵਿਚ ਇਕ ਕੋਵਿਡ-19 ਪਾਜ਼ੀਟਿਵ ਔਰਤ ਨੇ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ। ਦੱਸਣਯੋਗ ਹੈ ਕਿ ਸਿਵਲ ਹਸਪਤਾਲ ਵਿਚ ਆਈਸੋਲੇਸ਼ਨ ਆਪ੍ਰੇਸ਼ਨ ਥੀਏਟਰ ਦੇ ਡਾਕਟਰਾਂ ਨੇ ਬੀਤੀ ਰਾਤ ਇੱਕ ਕੋਵਿਡ -19 ਪਾਜ਼ੀਟਿਵ ਗਰਭਵਤੀ ਔਰਤ ਦਾ ਪਹਿਲੀ ਵਾਰ ਸਿਜੇਰੀਅਨ ਅਪ੍ਰੇਸ਼ਨ ਕੀਤਾ। ਮਾਂ ਵੱਲੋਂ ਇਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ ਹੈ, ਜਿਸ ਦੀ ਦੇਖਭਾਲ ਪੀਡੀਆਟ੍ਰਿਕ ਟੀਮ ਦੁਆਰਾ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਆਈਸੋਲੇਸ਼ਨ ਵਿਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਗੁਰਮੇਜ ਰਾਮ ਨੇ ਦੱਸਿਆ ਕਿ ਪਿੰਡ ਦਰਵੇਸ਼ਕੇ ਦੀ 9 ਮਹੀਨਿਆਂ ਦੀ ਗਰਭਵਤੀ ਔਰਤ ਸੁਨੀਤਾ ਨੂੰ ਬੀਤੀ ਰਾਤ ਸਿਵਲ ਹਸਪਤਾਲ ਲਿਆਂਦਾ ਗਿਆ, ਜਿਸ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ ਅਤੇ ਉਸ ਨੂੰ ਜਣੇਪੇ ਦੀਆਂ ਪੀੜਾਂ ਲੱਗੀਆਂ ਸਨ। ਮੁੱਢਲੀ ਜਾਂਚ ਤੋਂ ਬਾਅਦ, ਡਾਕਟਰਾਂ ਦੀ ਟੀਮ ਨੇ ਗਾਇਨੀਕੋਲੋਜਿਸਟ ਡਾ. ਪੂਜਾ, ਐਨੇਸਥੀਟਿਸਟ ਡਾ. ਵਿਸ਼ਾਲ ਬਜਾਜ ਅਤੇ ਬਾਲ ਰੋਗ ਵਿਗਿਆਨੀ ਡਾ. ਡੇਵਿਡ ਸਮੇਤ ਨਰਸਿੰਗ ਸਟਾਫ ਨੇ ਸੁਰੱਖਿਅਤ ਡਿਲਵਰੀ ਯਕੀਨੀ ਬਣਾਉਂਦੇ ਹੋਏ ਉਸ ਦਾ ਸੀਜ਼ੇਰੀਅਨ ਆਪ੍ਰੇਸ਼ਨ ਕਰਨ ਦਾ ਫੈਸਲਾ ਕੀਤਾ।
ਕੋਵਿਡ -19 ਦੇ ਖ਼ਤਰੇ ਨੂੰ ਧਿਆਨ ਵਿਚ ਰੱਖਦਿਆਂ, ਡਾਕਟਰਾਂ ਅਤੇ ਸਮੁੱਚੇ ਸਟਾਫ ਨੇ ਸੁਰੱਖਿਆ ਦੀਆਂ ਹੋਰ ਜ਼ਰੂਰੀ ਸਾਵਧਾਨੀਆਂ ਵਰਤਣ ਤੋਂ ਇਲਾਵਾ ਪੀਪੀਈ ਕਿੱਟਾਂ ਪਹਿਨੀਆਂ ਅਤੇ ਆਪ੍ਰੇਸ਼ਨ ਕਰਕੇ ਔਰਤ ਦੀ ਸਫਲ ਡਿਲਵਰੀ ਕੀਤੀ। ਮਾਂ ਅਤੇ ਬੱਚਾ ਸੁਰੱਖਿਅਤ ਹਨ ਅਤੇ ਉਨ੍ਹਾਂ ਦੀ ਸਿਹਤ ਜਾਂਚ, ਮਾਹਰਾਂ ਦੁਆਰਾ ਮਿਲਣ ਅਤੇ ਹੋਰ ਮੁੱਦਿਆਂ ਸਮੇਤ ਦੋਵਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ।