ਤੂਫ਼ਾਨ ਬਿਪਰਜੋਏ ਵੀਰਵਾਰ ਦੁਪਹਿਰ ਤੱਕ ਕੱਛ ਦੇ ਜਖੌ ਬੰਦਰਗਾਹ ਨਾਲ ਟਕਰਾਏਗਾ। ਤੂਫ਼ਾਨ ਬਿਪਰਜੋਏ ਕੱਛ ਤੋਂ 180 ਕਿਲੋਮੀਟਰ ਦੂਰ ਹੈ। ਮੌਸਮ ਵਿਭਾਗ ਨੇ ਕੱਛ ਅਤੇ ਸੌਰਾਸ਼ਟਰ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਇਲਾਕਿਆਂ ‘ਚ ਭਾਰੀ ਮੀਂਹ ਪੈ ਸਕਦਾ ਹੈ। ਇਸ ਦੌਰਾਨ ਹਵਾ ਦੀ ਰਫ਼ਤਾਰ 125 ਤੋਂ 150 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ।
ਗੁਜਰਾਤ ਮੌਸਮ ਵਿਭਾਗ ਅਨੁਸਾਰ ਦੱਖਣੀ ਅਰਬ ਸਾਗਰ ‘ਚ ਤੂਫਾਨ ਦੀ ਸ਼ੁਰੂਆਤ ਹੋਣ ਤੋਂ ਬਾਅਦ ਇਹ ਗੁਜਰਾਤ ਤੱਟ ਦੇ ਨੇੜੇ ਪਹੁੰਚਣ ਤੱਕ ਕਈ ਵਾਰ ਰੁਖ ਬਦਲਦਾ ਰਿਹਾ। ਇਸ ਨਾਲ ਇਹ ਕਮਜ਼ੋਰ ਹੋ ਗਿਆ ਹੈ, ਪਰ ਕਈ ਵਾਰ ਖ਼ਤਰਨਾਕ ਵੀ ਹੋਇਆ ਹੈ। ਗੁਜਰਾਤ ਦੇ 8 ਪ੍ਰਭਾਵਿਤ ਜ਼ਿਲ੍ਹਿਆਂ ਤੋਂ 75 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ।
ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਪੱਛਮੀ ਰੇਲਵੇ ਨੇ 67 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ, 25 ਨੂੰ ਚੱਕਰਵਾਤ ਦੇ ਸੰਭਾਵੀ ਖੇਤਰਾਂ ਵਿੱਚ ਮੋੜ ਦਿੱਤਾ ਹੈ। ਚੱਕਰਵਾਤੀ ਤੂਫ਼ਾਨ ਬਿਪਰਜੋਏ ਨੂੰ ਲੈ ਕੇ ਪਾਕਿਸਤਾਨ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ ਮੌਸਮ ਵਿਭਾਗ ਮੁਤਾਬਕ ਚੱਕਰਵਾਤੀ ਤੂਫਾਨ ਬਿਪਰਜੋਏ ਅੱਜ ਸਿੰਧ ਦੇ ਕੇਟੀ ਬੰਦਰ ਨਾਲ ਟਕਰਾਏਗਾ।
ਇਹ ਵੀ ਪੜ੍ਹੋ : ਮੋਹਾਲੀ : ਬਿਲਡਿੰਗ ਦੇ ਬੇਸਮੈਂਟ ਦੀ ਖੁਦਾਈ ਦੌਰਾਨ ਧਸੀ ਪਾਰਕਿੰਗ, ਕਈ ਵਾਹਨ ਮਲਬੇ ਹੇਠਾਂ ਦੱਬੇ
ਗੁਜਰਾਤ ਦੇ ਨਾਲ-ਨਾਲ ਮਹਾਰਾਸ਼ਟਰ ਅਤੇ ਕਰਨਾਟਕ ‘ਚ ਵੀ ਪ੍ਰਭਾਵ ਹੈ। ਇਨ੍ਹਾਂ ਇਲਾਕਿਆਂ ਵਿੱਚ NDRF ਦੀਆਂ 33 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਤੱਟ ਰੱਖਿਅਕ, ਸੈਨਾ ਅਤੇ ਜਲ ਸੈਨਾ ਦੀਆਂ ਬਚਾਅ ਅਤੇ ਰਾਹਤ ਟੀਮਾਂ ਨੂੰ ਤਿਆਰ ਰੱਖਿਆ ਗਿਆ ਹੈ। ਚੱਕਰਵਾਤ ਦੇ ਲੰਘਣ ਤੋਂ ਬਾਅਦ ਇਨ੍ਹਾਂ ਖੇਤਰਾਂ ਵਿੱਚ ਆਵਾਜਾਈ ਅਤੇ ਬਿਜਲੀ ਸਪਲਾਈ ਬਹਾਲ ਕਰਨ ਲਈ ਲਗਭਗ 600 ਟੀਮਾਂ ਦਾ ਗਠਨ ਕੀਤਾ ਗਿਆ ਹੈ।
ਗੁਜਰਾਤ ਦੇ ਅੱਠ ਤੱਟੀ ਜ਼ਿਲ੍ਹਿਆਂ ਵਿੱਚ 75,000 ਲੋਕਾਂ ਨੂੰ ਅਸਥਾਈ ਕੈਂਪਾਂ ਵਿੱਚ ਲਿਜਾਇਆ ਗਿਆ ਹੈ। ਇਕੱਲੇ ਕੱਛ ਜ਼ਿਲ੍ਹੇ ਤੋਂ 34 ਹਜ਼ਾਰ ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਇਸ ਤੋਂ ਬਾਅਦ ਜਾਮਨਗਰ ਵਿੱਚ 10,000, ਮੋਰਬੀ ਵਿੱਚ 9,243, ਰਾਜਕੋਟ ਵਿੱਚ 6,089, ਦੇਵਭੂਮੀ ਦਵਾਰਕਾ ਵਿੱਚ 5,035, ਜੂਨਾਗੜ੍ਹ ਵਿੱਚ 4,604, ਪੋਰਬੰਦਰ ਵਿੱਚ 3,469 ਅਤੇ ਗਿਰ ਸੋਮਨਾਥ ਜ਼ਿਲ੍ਹੇ ਵਿੱਚ 1,605 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: