ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਇਯਾਲੀ ਨੇ ਫੇਸਬੁੱਕ ‘ਤੇ ਇੱਕ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਕੋਰੋਨਾ ਕਰਕੇ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ ਇੱਕ ਸਰਕਾਰੀ ਮੁਲਾਜ਼ਮ ਗੰਭੀਰ ਹਾਲਤ ਵਿੱਚ ਪੰਜਾਬ ਸਰਕਾਰ ਕੋਲ ਮਦਦ ਦੀ ਗੁਹਾਰ ਲਾ ਰਿਹਾ ਹੈ, ਤਾਂਜੋ ਉਸ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕੇ।
ਵਿਧਾਇਕ ਮਨਪ੍ਰੀਤ ਇਯਾਲੀ ਨੇ ਪੰਜਾਬ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਉਹ ਇਸ ਮੁਲਾਜ਼ਮ ਦੀ ਬੇਨਤੀ ਸੁਣਨ ਅਤੇ ਉਸ ਦੀ ਜ਼ਿੰਦਗੀ ਬਚਾਉਣ। ਉਨ੍ਹਾਂ ਦੱਸਿਆ ਕਿ ਇਹ ਅਫਸਰ ਲੁਧਿਆਣਾ ਦੇ ਅਪੋਲੋ ਹਸਪਤਾਲ ਵਿੱਚ ਦਾਖਲ ਹੈ।
ਕੋਰੋਨਾ ਕਰਕੇ ਉਸ ਦੇ ਫੇਫੜੇ ਖਰਾਬ ਹੋ ਚੁੱਕੇ ਹਨ। ਲੰਗਸ ਟਰਾਂਸਪਲਾਟ ਲਈ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਸਰਕਾਰੀ ਹੁਕਮ ਇੱਕ ਪਤਨੀ ਦਾ ਸੁਹਾਗ ਅਤੇ ਬੱਚਿਆਂ ਦੇ ਸਿਰ ‘ਤੇ ਬਾਪ ਦਾ ਸਾਇਆ ਬਣਾਈ ਰੱਖ ਸਕਦੇ ਹਨ। ਅੱਜ ਇਸ ਪਰਿਵਾਰ ਨੂੰ ਤੁਹਾਡੀ ਲੋੜ ਹੈ, ਕ੍ਰਿਪਾ ਕਰਕੇ ਇਲਾਜ ਲਈ ਹੁਕਮ ਦਿਓ।
ਇਹ ਵੀ ਪੜ੍ਹੋ : ਜਲੰਧਰ ‘ਚ ਪਰਿਵਾਰ ‘ਤੇ ਕਹਿਰ ਬਣ ਕੇ ਵਰ੍ਹਿਆ ਕੋਰੋਨਾ- 15 ਦਿਨਾਂ ‘ਚ 4 ਜੀਆਂ ਦੀ ਗਈ ਜਾਨ
ਦੱਸ ਦੇਈਏ ਕਿ ਇਸ ਵੀਡੀਓ ਵਿੱਚ ਇਹ ਮੁਲਾਜ਼ਮ ਕਹਿ ਰਿਹਾ ਹੈ ਕਿ ਸਰਕਾਰ ਨੇ ਉਸ ਦੇ ਮਰਨ ਤੋਂ ਬਾਅਦ ਵੀ ਉਸ ਦੇ ਪਰਿਵਾਰ ਨੂੰ ਉਸ ਦਾ ਬਣਦਾ ਫੰਡ ਦੇਣਾ ਹੀ ਹੈ। ਜੇਕਰ ਇਹ ਉਸ ਨੂੰ ਹੁਣ ਦੇ ਦਿੱਤੇ ਜਾਣ ਤਾਂ ਉਸ ਦੇ ਬੱਚੇ ਅਨਾਥ ਹੋਣ ਤੋਂ ਬਚ ਜਾਣਗੇ। ਵੀਡੀਓ ਵਿੱਚ ਉਹ ਵਾਰ-ਵਾਰ ਮੁੱਖ ਮੰਤਰੀ ਨੂੰ ਵਾਰ-ਵਾਰ ਅਪੀਲ ਕਰ ਰਿਹਾ ਹੈ ਕਿ ਜੇਕਰ ਉਸ ਨੂੰ ਸਮੇਂ ਸਿਰ ਇਹ ਪੈਸਾ ਮਿਲ ਜਾਂਦਾ ਹੈ ਤਾਂ ਉਸ ਦੀ ਜ਼ਿੰਦਗੀ ਬਚ ਸਕਦੀ ਹੈ।