ਕੋਰੋਨਾ ਦੀ ਲਾਗ ਤੋਂ ਬਾਅਦ ਨੌਜਵਾਨਾਂ ਦੀ ਅਚਾਨਕ ਮੌਤ ਦੇ ਮਾਮਲੇ ਦਰਜ ਕੀਤੇ ਗਏ ਹਨ ਅਤੇ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ। ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸ਼ੁੱਕਰਵਾਰ ਨੂੰ ਸੰਸਦ ‘ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਤੋਂ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਨੌਜਵਾਨਾਂ ਦੀ ਮੌਤ ਦੇ ਮਾਮਲੇ ਸਾਹਮਣੇ ਆਏ ਹਨ, ਪਰ ਇਸ ਦਾ ਕਾਰਨ ਕੀ ਹੈ, ਇਸ ਦੀ ਪੁਸ਼ਟੀ ਕਰਨ ਲਈ ਅਜੇ ਤੱਕ ਕੋਈ ਸਬੂਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ICMR ਵੱਲੋਂ ਤਿੰਨ ਵੱਖ-ਵੱਖ ਅਧਿਐਨ ਕੀਤੇ ਜਾ ਰਹੇ ਹਨ। ਇਨ੍ਹਾਂ ਰਾਹੀਂ ਪਤਾ ਲਗਾਇਆ ਜਾਵੇਗਾ ਕਿ ਦਿਲ ਦਾ ਦੌਰਾ ਪੈਣ ਦੇ ਮਾਮਲੇ ਵਧਣ ਦਾ ਕਾਰਨ ਕੀ ਹੈ।
ਸਿਹਤ ਮੰਤਰੀ ਨੇ ਇਹ ਗੱਲ ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਕਹੀ। ਉਨ੍ਹਾਂ ਕਿਹਾ ਕਿ ਦੇਸ਼ ਦੇ 40 ਹਸਪਤਾਲਾਂ ਅਤੇ ਖੋਜ ਕੇਂਦਰਾਂ ਵਿੱਚ 18 ਤੋਂ 45 ਸਾਲ ਦੀ ਉਮਰ ਦੇ ਵਿਅਕਤੀਆਂ ਦੀ ਅਚਾਨਕ ਮੌਤ ਦੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ 30 ਕੋਵਿਡ-19 ਕਲੀਨਿਕਲ ਰਜਿਸਟਰੀ ਹਸਪਤਾਲਾਂ ਵਿਚ ਵੀ ਅਜਿਹੇ ਮਾਮਲਿਆਂ ‘ਤੇ ਅਧਿਐਨ ਚੱਲ ਰਿਹਾ ਹੈ। ਇਨ੍ਹਾਂ ‘ਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ 18 ਤੋਂ 45 ਸਾਲ ਦੀ ਉਮਰ ਦੇ ਲੋਕਾਂ ‘ਤੇ ਵੈਕਸੀਨ ਦਾ ਕੋਈ ਅਸਰ ਹੋਇਆ ਹੈ ਜਾਂ ਨਹੀਂ। ਜਦੋਂਕਿ ਤੀਜਾ ਅਧਿਐਨ ਵਰਚੁਅਲ ਅਤੇ ਫਿਜ਼ੀਕਲ ਆਟੋਪਸੀ ਰਾਹੀਂ ਕੀਤਾ ਜਾ ਰਿਹਾ ਹੈ। ਇਸ ‘ਚ ਬਿਨਾਂ ਕਿਸੇ ਬੀਮਾਰੀ ਦੇ ਅਚਾਨਕ ਹੋਣ ਵਾਲੀਆਂ ਮੌਤਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਕਾਰਨ ਕੀ ਹੋ ਸਕਦੇ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਦਿਲ ਦੀਆਂ ਬਿਮਾਰੀਆਂ ਨਾਲ ਜੁੜੀਆਂ ਸਮੱਸਿਆਵਾਂ ਲਈ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਲਈ ਰਾਸ਼ਟਰੀ ਪ੍ਰੋਗਰਾਮ ਤਹਿਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਮਦਦ ਕਰੇਗੀ। ਇਸ ਪ੍ਰੋਗਰਾਮ ਤਹਿਤ ਬੁਨਿਆਦੀ ਢਾਂਚੇ ਦੀ ਮਜ਼ਬੂਤੀ, ਮਨੁੱਖੀ ਵਸੀਲਿਆਂ ਦੀ ਸਿਰਜਣਾ, ਸਿਹਤ ਪ੍ਰੋਤਸਾਹਨ, ਲੋਕਾਂ ਦੀ ਜਾਂਚ, ਆਯੁਸ਼ਮਾਨ ਭਾਰਤ ਸਿਹਤ ਤੰਦਰੁਸਤੀ ਕੇਂਦਰਾਂ ਦੀ ਸਥਾਪਨਾ ਵਰਗੇ ਯਤਨ ਸ਼ਾਮਲ ਹਨ। ਇਸ ਤੋਂ ਇਲਾਵਾ 724 ਜ਼ਿਲ੍ਹਿਆਂ ਵਿੱਚ ਗੈਰ-ਸੰਚਾਰੀ ਰੋਗ ਕਲੀਨਿਕ, 210 ਜ਼ਿਲ੍ਹਿਆਂ ਵਿੱਚ ਕਾਰਡੀਅਕ ਕੇਅਰ ਯੂਨਿਟ ਅਤੇ 326 ਜ਼ਿਲ੍ਹਿਆਂ ਵਿੱਚ ਡੇ ਕੇਅਰ ਸੈਂਟਰ ਸਥਾਪਤ ਕੀਤੇ ਜਾਣਗੇ।
ਇਹ ਵੀ ਪੜ੍ਹੋ : ਬੀਤੇ ਸੈਂਕੜੇ ਸਾਲਾਂ ਤੋਂ ਹੁਣ ਤੱਕ ਦਾ ਸਭ ਤੋਂ ਗਰਮ ਮਹੀਨਾ ਰਿਹਾ ਜੁਲਾਈ, ਚਿੰਤਾ ‘ਚ ਨਾਸਾ ਦੇ ਵਿਗਿਆਨੀ
ਅਹਿਮ ਗੱਲ ਇਹ ਹੈ ਕਿ ਕੋਰੋਨਾ ਦੇ ਦੌਰ ਤੋਂ ਲੈ ਕੇ ਹੁਣ ਤੱਕ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਦੋਂ ਸੈਰ ਕਰਦੇ ਅਤੇ ਡਾਂਸ ਕਰਦੇ ਹੋਏ ਲੋਕਾਂ ਦੀ ਮੌਤ ਹੋ ਗਈ ਸੀ। ਅਜਿਹੀਆਂ ਮੌਤਾਂ ਵਿੱਚ 18 ਤੋਂ 40 ਸਾਲ ਦੀ ਉਮਰ ਦੇ ਵੱਡੀ ਗਿਣਤੀ ਵਿੱਚ ਫਿੱਟ ਲੋਕ ਵੀ ਪਾਏ ਗਏ ਹਨ। ਬਹੁਤ ਛੋਟੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋਈਆਂ ਮੌਤਾਂ ਨੇ ਸਿਹਤ ਮਾਹਿਰਾਂ ਤੋਂ ਲੈ ਕੇ ਆਮ ਲੋਕਾਂ ਤੱਕ ਸਭ ਨੂੰ ਹੈਰਾਨ ਕਰ ਦਿੱਤਾ ਹੈ। ਅਜਿਹੇ ਕਈ ਮਾਮਲੇ ਵੀ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਜਿਮ ‘ਚ ਵਰਕਆਊਟ ਕਰਦੇ ਸਮੇਂ ਮੌਤ ਹੋ ਗਈ ਹੈ। ਵਿਆਹ ਦੌਰਾਨ ਹਲਦੀ ਦੀ ਰਸਮ ਦੌਰਾਨ ਇੱਕ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: