Death in Ludhiana due to Corona : ਕੋਰੋਨਾ ਵਾਇਰਸ ਦਾ ਕਹਿਰ ਸੂਬੇ ਵਿਚ ਲਗਾਤਾਰ ਜਾਰੀ ਹੈ। ਲੁਧਿਆਣਾ ਜ਼ਿਲੇ ਵਿਚ ਵੀ ਕੋਰੋਨਾ ਵਾਇਰਸ ਕਾਰਨ ਇਕ ਮੌਤ ਦੀ ਖਬਰ ਸਾਹਮਣੇ ਆਈ ਹੈ। ਇਥੇ ਇਕ 49 ਸਾਲਾ ਕੋਰੋਨਾ ਪਾਜ਼ੀਟਿਵ ਆਰਪੀਐਫ ਦਾ ਜਵਾਨ, ਜੋਕਿ ਪਿਛਲੇ ਕਈ ਦਿਨਾਂ ਤੋਂ ਇਕ ਨਿੱਜੀ ਹਸਪਤਾਲ ਵਿਚ ਦਾਖਲ ਸੀ, ਦੀ ਅੱਜ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਜਵਾਨ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਇਸ ਨੂੰ ਵੈਂਟੀਲੇਟਰ ’ਤੇ ਰਖਿਆ ਗਿਆ ਸੀ, ਜਿਸ ਨੇ ਅੱਜ ਇਲਾਜ ਦੌਰਾਨ ਦਮ ਤੋੜ ਦਿੱਤਾ। ਇਹ ਆਰਪੀਐਫ ਦਾ ਜਵਾਨ ਪਵਨ ਕੁਮਾਰ ਪੁੱਤਰ ਆਸਰਾ ਰਾਮ ਜਲੰਧਰ ਦੇ ਕਰੋਲ ਬਾਗ ਦਾ ਰਹਿਣ ਵਾਲਾ ਸੀ।
ਇਥੇ ਦੱਸਣਯੋਗ ਹੈ ਕਿ ਪਿਛਲੇ ਦਿਨੀਂ ਸ਼੍ਰਮਿਕ ਟ੍ਰੇਨਾਂ ਵਿਚ ਸਪੈਸ਼ਲ ਡਿਊਟੀਆਂ ’ਤੇ ਤਾਇਨਾਤ ਕਈ ਆਰਪੀਐਫ ਜਵਾਨਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਸੀ, ਇਹ ਜਵਾਨ ਉਨ੍ਹਾਂ ਵਿਚ ਹੀ ਸ਼ਾਮਲ ਸੀ। ਦੱਸ ਦੇਈਏ ਕਿ ਹੁਣ ਤੱਕ ਜ਼ਿਲੇ ਵਿਚ ਕੋਰੋਨਾ ਵਾਇਰਸ ਨਾਲ ਇਹ 8ਵੀਂ ਮੌਤ ਹੈ। ਅਜੇ ਤੱਕ ਲੁਧਿਆਣਾ ਜ਼ਿਲੇ ਵਿਚ ਕੋਰੋਨਾ ਵਾਇਰਸ ਦੇ ਕੁਲ 181 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਇਸ ਸਮੇਂ 34 ਮਾਮਲੇ ਐਕਟਿਵ ਹਨ। ਇਥੇ ਜ਼ਿਕਰਯੋਗ ਹੈ ਕਿ ਅੱਜ ਸੂਬੇ ਵਿਚ ਕੋਰੋਨਾ ਵਾਇਰਸ ਕਾਰਨ ਇਹ ਦੂਸਰੀ ਮੌਤ ਦੀ ਖਬਰ ਆਈ ਹੈ। ਅੱਜ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਕੋਰੋਨਾ ਪਾਜ਼ੀਟਿਵ ਇਕ ਔਰਤ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ। ਹੁਣ ਲੁਧਿਆਣਾ ਦੇ ਇਸ ਆਰਪੀਐਫ ਦੇ ਜਵਾਨ ਦੀ ਮੌਤ ਨਾਲ ਸੂਬੇ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 42 ਤੱਕ ਪਹੁੰਚ ਗਿਆ ਹੈ।
ਦੱਸਣਯੋਗ ਹੈ ਕਿ ਸੂਬੇ ਵਿਚ ਆਉਂਦੀਆਂ ਆਰਥਿਕ ਸਮੱਸਿਆਵਾਂ ਦੇ ਮੱਦੇਨਜ਼ਰ ਪੰਜਾਬ ਵਿਚ ਕਰਫਿਊ ਹਟਾ ਦਿੱਤਾ ਗਿਆ ਹੈ ਪਰ ਅਜੇ ਵੀ ਕੋਰੋਨਾ ਵਾਇਰਸ ਦਾ ਪ੍ਰਕੋਪ ਸੂਬੇ ਵਿਚ ਲਗਾਤਾਰ ਜਾਰੀ ਹੈ। ਪੰਜਾਬ ‘ਚ ਕੋਰੋਨਾ ਦੇ ਕੇਸ ਮੁੜ ਵੱਧ ਰਹੇ ਹਨ। ਇਸ ਸਮੇਂ ਅੰਮ੍ਰਿਤਸਰ ਵਿਚ 48, ਜਲੰਧਰ ਵਿਚ 28, ਲੁਧਿਆਣਾ ਵਿਚ 34, ਤਰਨਤਾਰਨ ਵਿਚ 4, ਗੁਰਦਾਸਪੁਰ ਵਿਚ 8, ਹੁਸ਼ਿਾਰਪੁਰ ਵਿਚ 17, ਪਟਿਆਲਾ ਵਿਚ 12 ਤੇ ਨਵਾਂਸ਼ਹਿਰ ਵਿਚ 4 ਐਕਟਿਵ ਮਾਮਲੇ ਹਨ। ਜਦਿਕ ਪੂਰੇ ਪੰਜਾਬ ਵਿਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 183 ਹੈ।