ਮੰਗਲਵਾਰ ਨੂੰ ਹੁਸ਼ਿਆਰਪੁਰ ਵਿੱਚ ਇੱਕ ਢਾਬੇ ਦੇ ਦੋ ਮੁਲਾਜ਼ਮਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਸਹਾਇਕ ਸਬ-ਇੰਸਪੈਕਟਰ (ਏ.ਐੱਸ.ਆਈ.) ਮਹਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਹਰਦੇਵ ਸਿੰਘ (65) ਅਤੇ ਕਮਲ (35) ਵਜੋਂ ਹੋਈ ਹੈ। ਇਹ ਦੋਵੇਂ ਚੱਬੇਵਾਲ ਇਲਾਕੇ ਦੇ ਪਿੰਡ ਬਾਹੋਵਾਲ ਦੇ ਰਹਿਣ ਵਾਲੇ ਹਨ।
ਪੁਲਿਸ ਨੇ ਦੱਸਿਆ ਕਿ ਉਹ ਸਵੇਰੇ ਆਪਣੇ ਕਮਰੇ ਵਿੱਚ ਮ੍ਰਿਤਕ ਪਾਏ ਗਏ। ਉਨ੍ਹਾਂ ਕਿਹਾ ਕਿ ਠੰਡ ਤੋਂ ਬਚਣ ਲਈ ਉਨ੍ਹਾਂ ਨੇ ਇੱਕ ਅਸਥਾਈ ਚਿਮਨੀ ਬਾਲੀ ਹੋਈ ਸੀ, ਜਿਸ ਵਿੱਚੋਂ ਨਿਕਲਣ ਵਾਲੇ ਧੂੰਏਂ ਕਰਕੇ ਉਨ੍ਹਾਂ ਦਾ ਦਮ ਘੁੱਟ ਗਿਆ ਸੀ। ਇਹ ਦੋਵੇਂ ਫਗਵਾੜਾ ਬਲਾਕ ਦੇ ਪਿੰਡ ਰੇਹਾਣਾ ਜੱਟਾਂ ‘ਚ ਇਕ ਢਾਬੇ ‘ਤੇ ਕੰਮ ਕਰਦੇ ਸਨ।
ਪੁਲਿਸ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਕੜਾਕੇ ਦੀ ਠੰਡ ਤੋਂ ਬਚਣ ਲਈ ਸੇਕਣ ਲਈ ਕਮਰੇ ਨੂੰ ਗਰਮ ਕਰਨ ਲਈ ਇੱਕ ਭਾਂਡੇ ਵਿੱਚ ਕੋਲੇ ਬਾਲੇ ਸਨ। ਇਸ ਤੋਂ ਬਾਅਦ ਉਹ ਦਰਵਾਜ਼ਾ ਅੰਦਰੋਂ ਬੰਦ ਕਰਕੇ ਸੌਂ ਗਏ। ਸੌਣ ਤੋਂ ਬਾਅਦ ਅਚਾਨਕ ਕੰਬਲ ਗਰਮ ਕੋਲਿਆਂ ‘ਤੇ ਡਿੱਗ ਗਿਆ ਅਤੇ ਖੁੱਲ੍ਹੇ ਭਾਂਡੇ ‘ਚ ਅੱਗ ਲੱਗਣ ਕਾਰਨ ਅੱਗ ਲੱਗ ਗਈ ਹੋਵੇਗੀ। ਨੀਂਦ ਵਿੱਚ ਹੋਣ ਕਾਰਨ ਦੋਵੇਂ ਉਸ ਅੱਗ ਵਿੱਚ ਫਸ ਗਏ ਅਤੇ ਦੋਵੇਂ ਅੱਗ ਵਿੱਚ ਪੂਰੀ ਤਰ੍ਹਾਂ ਝੁਲਸ ਗਏ।
ਏਐਸਆਈ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਨਾ ਉਠੇ ਤਾਂ ਢਾਬਾ ਮਾਲਕ ਨੇ ਕਮਰੇ ਦਾ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਦੋਵੇਂ ਬੇਹੋਸ਼ ਹਾਲਤ ਵਿੱਚ ਮਿਲੇ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਸਥਾਨਕ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਦੱਸਿਆ ਕਿ ਮੌਤ ਦਮ ਘੁੱਟਣ ਕਾਰਨ ਹੋਈ ਹੈ।
ਇਹ ਵੀ ਪੜ੍ਹੋ : ਨਸ਼ੇ ‘ਚ ਟੱਲੀ ਯਾਤਰੀ ਨੇ ਫਲਾਈਟ ਵਿੱਚ ਔਰਤ ‘ਤੇ ਕਰ ‘ਤਾ ਪਿਸ਼ਾਬ, ਮਚਿਆ ਹੰਗਾਮਾ
ਪੁਲਿਸ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸ ਦੇਈਏ ਕਿ ਅੱਗ ਦੇ ਧੂੰਏਂ ਵਿੱਚ ਕਾਰਬਨ ਮੋਨੋਆਕਸਾਈਡ ਗੈਸ ਹੁੰਦੀ ਹੈ, ਜੋ ਸਰੀਰ ਵਿੱਚ ਆਕਸੀਜਨ ਦੀ ਸਪਲਾਈ ਵਿੱਚ ਰੁਕਾਵਟ ਪਾਉਂਦੀ ਹੈ। ਬੰਦ ਕਮਰੇ ਵਿੱਚ ਕਾਰਬਨ ਮੋਨੋਆਕਸਾਈਡ ਦੇ ਸੰਪਰਕ ਵਿੱਚ ਆਉਣ ਨਾਲ ਮੌਤ ਵੀ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: