Death toll reported positive : ਕੋਰੋਨਾ ਵਾਇਰਸ ਕਾਰਨ ਸੂਬੇ ਵਿਚ ਇਕ ਹੋਰ ਜਾਨ ਚਲੀ ਗਈ ਹੈ, ਜਿਸ ਨਾਲ ਕੋਰੋਨਾ ਨਾਲ ਸੂਬੇ ਵਿਚ ਮੌਤਾਂ ਦੀ ਗਿਣਤੀ 37 ਹੋ ਗਈ ਹੈ। ਕਪੂਰਥਲਾ ਦੇ ਹਲਕਾ ਭੁਲੱਥ ਦੇ 50 ਸਾਲਾ ਵਿਅਕਤੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਣ ਦੀ ਖਬਰ ਆਈ ਹੈ। ਜ਼ਿਕਰਯੋਗ ਹੈ ਕਿ ਭੁਲੱਥ ਦੇ ਪਿੰਡ ਬਾਗੜੀਆਂ ਦੇ 50 ਸਾਲਾ ਵਿਅਕਤੀ ਸੋਢੀ ਰਾਮ , ਜੋਕਿ ਪਿਛਲੇ ਕਾਫੀ ਸਮੇਂ ਤੋਂ ਅਧਰੰਗ ਦਾ ਮਰੀਜ਼ ਸੀ, ਨੂੰ ਬੀਮਾਰ ਹੋਣ ਕਰਕੇ ਬੀਤੇ ਦਿਨ ਸ਼ਨੀਵਾਰ ਨੂੰ ਜਲੰਧਰ ਦੇ ਪ੍ਰਾਈਵੇਟ ਹਸਪਤਾਲ ’ਚ ਲਿਜਾਇਆ ਗਿਆ ਜਿਥੇ ਹਸਪਤਾਲ ਵਾਲਿਆਂ ਨੇ ਉਸ ਨੂੰ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਸਿਵਲ ਹਸਪਤਾਲ ਜਲੰਧਰ ਬੇਜ ਦਿੱਤਾ। ਉਥੇ ਇਲਾਜ ਦੌਰਾਨ ਸ਼ਨੀਵਾਰ ਰਾਤ ਨੂੰ ਹੀ ਉਸ ਦੀ ਮੌਤ ਹੋ ਗਈ।
ਸਾਵਧਾਨੀ ਦੇ ਤੌਰ ’ਤੇ ਉਸ ਦੇ ਕੋਰੋਨਾ ਟੈਸਟ ਲਈ ਸੈਂਪਲ ਲੈ ਲਏ ਗਏ ਸਨ ਤੇ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਸੀ। ਅੱਜ ਇਸ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਬਾਰੇ ਸਿਵਲ ਸਰਜਨ ਕਪੂਰਥਲਾ ਡਾ. ਜਸਮੀਤ ਕੌਰ ਨੇ ਮ੍ਰਿਤਕ ਵਿਅਕਤੀ ਦੀ ਕੋਰੋਨਾ ਰਿਪੋਰਟ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕ ਵਿਅਕਤੀ ਦਾ ਸੰਸਕਾਰ ਮੈਡੀਕਲ ਟੀਮ ਵੱਲੋਂ ਉਸ ਦੇ ਪਿੰਡ ਵਿਚ ਅੱਜ ਕੀਤਾ ਜਾਵੇਗਾ। ਪਰਿਵਾਰਕ ਮੈਂਬਰਾਂ ਨੂੰ ਇੱਛਾ ਮੁਤਾਬਕ ਅੰਤਿਮ ਸੰਸਕਾਰ ਵਿਚ ਸ਼ਾਮਲ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਕਪੂਰਥਲਾ ਵਿਚ ਇਹ ਕੋਰੋਨਾ ਵਾਇਰਸ ਨਾਲ ਤੀਜੀ ਮੌਤ ਹੈ। ਦੱਸਣਯੋਗ ਹੈ ਕਿ ਅੱਜ ਅੰਮ੍ਰਿਤਸਰ ਦੇ ਹਸਪਤਾਲ ਵਿਚ ਪਠਾਨਕੋਟ ਦੇ 35 ਸਾਲਾ ਵਿਅਕਤੀ ਦੀ ਵੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਇਸ ਮਰੀਜ਼ ਨੂੰ ਵੈਂਟੀਲੇਟਰ ’ਤੇ ਰਖਿਆ ਗਿਆ ਸੀ ਤੇ ਇਸ ਦੀ ਹਾਲਤ ਪਿਛਲੇ ਦਿਨਾਂ ਤੋਂ ਕਾਫੀ ਗੰਭੀਰ ਚੱਲ ਰਹੀ ਸੀ।