Debt ridden farmer commits : ਪੰਜਾਬ ਵਿੱਚ ਇੱਕ ਕਿਸਾਨ ਨੇ ਆਪਣੀ ਪਤਨੀ ਸਣੇ ਕਰਜ਼ੇ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਹ ਕਿਸਾਨ ਮੋਗਾ ਜ਼ਿਲ੍ਹੇ ਦੇ ਪਿੰਡ ਰਾਮੂਵਾਲਾ ਨਵਾਂ ਦਾ ਰਹਿਣ ਵਾਲਾ ਸੀ। ਕਿਸਾਨ ਸੁਖਦੇਵ ਸਿੰਘ ਦੇ ਸਿਰ ’ਤੇ ਕਰਜ਼ਾ ਸੀ, ਜਿਸ ਤੋਂ ਪ੍ਰੇਸ਼ਾਨ ਉਸ ਨੇ ਅਤੇ ਉਸ ਦੀ ਪਤਨੀ ਕਰਮਜੀਤ ਕੌਰ ਨੇ ਆਪਣੀ ਜ਼ਿੰਦਗੀ ਖਤਮ ਕਰ ਲਈ। ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਮੌਤਾਂ ਨੂੰ ਲੈ ਕੇ ਕੈਪਟਨ ਸਰਕਾਰ ’ਤੇ ਸਵਾਲ ਚੁੱਕੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ’ਪੰਜਾਬ ਮੰਗਦਾ ਜਵਾਬ’ ਤਹਿਤ ਇਸ ਜੋੜੇ ਦੀ ਮੌਤ ’ਤੇ ਪੰਜਾਬ ਸਰਕਾਰ ’ਤੇ ਤਿੱਖਾ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕੈਪਟਨ ਦੇ ’ਕਰਜ਼ਾ ਕੁਰਕੀ ਖਤਮ’ ਦੇ ਝੂਠੇ ਵਾਅਦੇ ਨੇ ਇੱਕੋ ਪਰਿਵਾਰ ਦੇ ਦੋ ਜੀਆਂ ਨੂੰ ਨਿਗਲ ਲਿਆ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਿਸੰਘ ਤੋਂ ਸਵਾਲ ਪੁੱਛਿਆ ਕਿ ਮੁੱਖ ਮੰਤਰੀ ਸਾਬ! ਜਿਹੜੇ ’ਨਵੇਂ ਨਰੋਏ ਪੰਜਾਬ’ ਦੇ ਤੁਸੀਂ ਦਾਅਵੇ ਕਰ ਰਹੇ ਹੋ, ਉਸ ਦੀ ਹਕੀਕਤ ਕੁਝ ਹੋਰ ਹੀ ਹੈ। ਆਖਿਰ ਕਦੋਂ ਕਰੋਗੇ ਕਿਸਾਨਾਂ ਨੂੰ ਕਰਜ਼ਾ-ਮੁਕਤ? ਪੰਜਾਬ ਮੰਗਦਾ ਜਵਾਬ।
ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਖਿਲਾਫ ਲੋਕ ਲਹਿਰ ਸ਼ੁਰੂ ਕਰਦੇ ਹੋਏ ਪੂਰੇ ਪੰਜਾਬ ਦੇ ਹਲਕਿਆਂ ਵਿਚ ਰੈਲੀਆਂ ਕਰਨ ਦਾ ਐਲਾਨ ਕੀਤਾ ਹੈ। ਅਪ੍ਰੈਲ ਦੇ ਪਹਿਲੇ ਹਫਤੇ ਤੋਂ ਇਨ੍ਹਾਂ ਰੈਲੀਆਂ ਵਿੱਚ 117 ਵਿਧਾਨ ਸਭਾ ਹਲਕਿਆਂ ਵਿੱਚ ‘ਪੰਜਾਬ ਮੰਗਦਾ ਜਵਾਬ’ ਪ੍ਰੋਗਰਾਮ ਤਹਿਤ ਘਰ-ਘਰ ਜਾ ਕੇ ਲੋਕਾਂ ਨੂੰ ਕਾਂਗਰਸ ਸਰਕਾਰ ਵੱਲੋਂ ਕੀਤੇ ਉਨ੍ਹਾਂ ਵਾਅਦਿਆਂ ਖਿਲਾਫ ਜਾਣੂ ਕਰਵਾਉਣ ਦਾ ਫੈਸਲਾ ਕੀਤਾ ਸੀ, ਜੋਕਿ ਪੰਜਾਬ ਸਰਕਾਰ ਨੇ ਪੂਰੇ ਨਹੀਂ ਕੀਤੇ। ਇਸ ਵਿੱਚ ਨਸ਼ਾ ਖਤਮ ਕਰਨਾ, ਹਰ ਘਰ ਨੌਕਰੀ ਯਕੀਨੀ ਬਣਾਉਣਾ, ਬੇਰੋਜ਼ਗਾਰੀ ਭੱਤਾ ਵਧਾ ਕੇ 2500 ਰੁਪਏ ਕਰਨਾ, ਬੁਢਾਪਾ ਪੈਨਸ਼ਨ 2500 ਰੁਪਏ ਮਹੀਨਾਂ ਕਰਨੀ ਤੇ ਸ਼ਗਨ ਸਕੀਮ ਤਹਿਤ ਰਾਸ਼ੀ 51 ਹਜ਼ਾਰ ਰੁਪਏ ਕਰਨੀ ਤੇ ਬੇਘਰਾਂ ਨੁੰ ਘਰ ਦੇਣ ਆਦਿ ਵਰਗੇ ਮੁੱਦੇ ਉਠਾਏ ਜਾਣਗੇ।