Demand for investigation : ਪੰਜਾਬੀ ਲੋਕ ਗਾਇਕ ਸਿੱਧੂ ਮੂਸੇਵਾਲਾ ਦੇ ਕੇਸ ਵਿਚ ਪੰਜਾਬ ਪੁਲਿਸ ਵਲੋਂ ਤੇਜੀ ਫੜੀ ਗਈ ਹੈ। ਆਈਜੀ ਪਟਿਆਲਾ ਜਤਿੰਦਰ ਸਿੰਘ ਔਲਖ ਨੇ ਬਰਨਾਲਾ ਜਿਲ੍ਹੇ ਦੇ SSP ਸੰਦੀਪ ਗੋਇਲ ਨੂੰ ਦਿੱਤੇ ਹੁਕਮ ਚ, ਸਿੱਧੂ ਮੂਸੇਵਾਲਾ ਵਿਰੁੱਧ 4 ਮਈ ਨੂੰ ਥਾਣਾ ਧਨੌਲਾ ਵਿਖੇ ਦਰਜ ਕੇਸ ਦੀ ਜਾਂਚ ਜਿਲ੍ਹੇ ਦੇ SP ਰੈਂਕ ਦੇ ਅਧਿਕਾਰੀ ਤੋਂ ਕਰਵਾਉਣ ਲਈ ਕਿਹਾ ਗਿਆ ਹੈ। ਆਈ.ਜੀ. ਪਟਿਆਲਾ ਦੇ ਦਫਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਆਈਜੀ ਔਲਖ ਨੇ SSP ਬਰਨਾਲਾ ਨੂੰ ਭੇਜੇ ਪੱਤਰ ’ਚ, ਕਿਹਾ ਹੈ ਕਿ ਇਸ ਕੇਸ ਦੀ ਜਾਂਚ SP ਰੈਂਕ ਦੇ ਅਧਿਕਾਰੀ ਤੋਂ ਕਰਵਾ ਕੇ 2 ਹਫਤਿਆਂ ਦੇ ਅੰਦਰ ਅੰਦਰ ਇਸ ਦੀ ਰਿਪੋਰਟ ਭੇਜੀ ਜਾਵੇ।
ਜਿਕਰਯੋਗ ਹੈ ਕਿ ਲੋਕ ਗਾਇਕ ਸਿੱਧੂ ਮੂਸੇਵਾਲਾ ਵਲੋਂ ਅਪ੍ਰੈਲ ਮਹੀਨੇ ਦੇ ਅਖੀਰਲੇ ਦਿਨਾਂ ਚ, ਬਰਨਾਲਾ ਜਿਲ੍ਹੇ ਦੇ ਪਿੰਡ ਬਡਬਰ ਵਿਖੇ ਬਣੀ ਇੱਕ ਰਾਈਫਲ ਰੇਂਜ ਚ, ਏ.ਕੇ 47 ਰਾਈਫਲ ਨਾਲ ਕਰਫਿਊ ’ਚ, ਗੋਲੀਆਂ ਚਲਾਉਣ ਸਬੰਧੀ ਥਾਣਾ ਧਨੌਲਾ ਦੇ SHO ਮੇਜਰ ਸਿੰਘ ਦੇ ਬਿਆਨ ’ਤੇ ਮੁਖਬਰ ਦੀ ਸੂਚਨਾ ਅਤੇ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ 4 ਮਈ ਨੂੰ ਥਾਣਾ ਧਨੌਲਾ ਵਿਖੇ FIR ਦਰਜ਼ ਕੀਤੀ ਗਈ ਸੀ, ਇਸ ਕੇਸ ਚ, ਸਿੱਧੂ ਮੂਸੇਵਾਲਾ ਤੇ ਉਸ ਦੇ 3 ਹੋਰ ਸਾਥੀਆਂ ਅਤੇ ਸੰਗਰੂਰ ਦੇ ਤਤਕਾਲੀਨ ਡੀਐਸਪੀ ਐੱਚ. ਦਲਜੀਤ ਸਿੰਘ ਵਿਰਕ ਦੇ 5 ਗੰਨਮੈਨਾਂ, ਜਿਨ੍ਹਾਂ ਵਿੱਚ 1 ਏਐਸਆਈ, 2 ਹੌਲਦਾਰ ਤੇ 2 ਸਿਪਾਹੀਆ ਦੇ ਖਿਲਾਫ ਦਫਾ 144 ਦੇ ਉਲੰਘਣ ਕਰਨ ਦੇ ਜੁਰਮ 188 ਆਈਪੀਸੀ ਤੇ 51 ਡਿਜਾਸਟਰ ਐਕਟ ਤਹਿਤ ਕੇਸ ਦਰਜ਼ ਕੀਤਾ ਗਿਆ ਸੀ। ਪਰੰਤੂ ਐਫਆਈਆਰ ’ਚ, ਗੋਲੀਆਂ ਚੱਲਣ ਦਾ ਜਿਕਰ ਹੋਣ ਦੇ ਬਾਵਜੂਦ ਵੀ ਆਰਮਜ਼ ਐਕਟ ਦੀ ਧਾਰਾ ਨਹੀਂ ਲਾਈ ਗਈ ਸੀ।
ਇੱਥੇ ਹੀ ਬੱਸ ਨਹੀਂ SSP ਨੇ ਕੇਸ ਦਰਜ਼ ਹੋਣ ਤੋਂ ਕੁਝ ਦਿਨ ਬਾਅਦ ਹੀ ਕੇਸ ਦੀ ਤਫਤੀਸ਼ SHO ਧਨੌਲਾ ਤੋਂ ਬਦਲ ਕੇ ਸੀਆਈਏ ਦੇ ਇੰਚਾਰਜ ਬਲਜੀਤ ਸਿੰਘ ਨੂੰ ਸੌਂਪ ਦਿੱਤੀ ਸੀ। ਤਫਤੀਸ਼ ਬਦਲ ਜਾਣ ਤੋਂ ਬਾਅਦ ਵੀ ਤਫਤੀਸ਼ ਕਿਸੇ ਨਤੀਜ਼ੇ ’ਤੇ ਨਹੀਂ ਪਹੁੰਚੀ। ਜਿਸ ਤੋਂ ਬਾਅਦ ਹੁਣ ਆਈਜੀ ਨੇ ਕੇਸ ਦੀ ਜਾਂਚ ਕਿਸੇ ਐਸਪੀ ਰੈਂਕ ਦੇ ਅਧਿਕਾਰੀ ਤੋਂ ਕਰਵਾਉਣ ਲਈ ਹੁਕਮ ਦੇ ਦਿੱਤਾ। ਸਿੱਧੂ ਮੂਸੇਵਾਲਾ ਦੇ ਗੋਲੀਆਂ ਚਲਾਉਣ ਮੌਕੇ ਡੀਐਸਪੀ ਡੀ.ਐਸ. ਵਿਰਕ ਦੇ ਗੰਨਮੈਨ ਹੀ ਨਹੀਂ, ਬਲਕਿ ਖੁਦ ਡੀਐਸਪੀ ਵੀ ਮੌਕੇ ਤੇ ਮੌਜੂਦ ਸੀ। ਜਿਸ ਨੂੰ ਬਰਨਾਲਾ ਜਿਲ੍ਹੇ ਦੇ ਇੱਕ ਪੁਲਿਸ ਅਧਿਕਾਰੀ ਦਾ ਕਰੀਬੀ ਹੋਣ ਕਰਕੇ ਕੇਸ ਚ, ਨਾਮਜਦ ਹੀ ਨਹੀਂ ਕੀਤਾ ਗਿਆ।