ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਗ੍ਰਿਫਤਾਰ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ। ਉਨ੍ਹਾਂ ਦਾ 7 ਦਿਨ ਦਾ ਪੁਲਿਸ ਰਿਮਾਂਡ ਅੱਜ ਖਤਮ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਨੇ ਮਜੀਠੀਆ ਨੂੰ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਮਜੀਠਾ ਘਰ ਤੇ ਦਫਤਰ ਲਿਜਾ ਕੇ ਪੁੱਛਗਿਛ ਤੇ ਜਾਂਚ ਕੀਤੀ ਸੀ। ਮਾਮਲੇ ਵਿਚ ਵਿਜੀਲੈਂਸ ਨੇ ਪੰਜਾਬ ਤੋਂ ਇਲਾਵਾ ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਤੇ ਚੰਡੀਗੜ੍ਹ ਵਿਚ ਵੀ ਰੇਡ ਦੀ ਕਾਰਵਾਈ ਕੀਤੀ ਹੈ।
ਇਸੇ ਦਰਮਿਆਨ ਮਜੀਠੀਆ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਆਪਣੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਦੱਸਿਆ ਹੈ ਤੇ ਨਾਲ ਹੀ ਰਿਮਾਂਡ ਆਰਡਰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਹਾਈਕੋਰਟ ਇਸ ਪਟੀਸ਼ਨ ‘ਤੇ 3 ਜੁਲਾਈ ਨੂੰ ਸੁਣਵਾਈ ਕਰੇਗਾ।
ਅੱਜ ਮਜੀਠੀਆ ਦੇ ਸਮਰਥਨ ਵਿਚ ਅਕਾਲੀ ਵਰਕਰਾਂ ਨੇ ਮੋਹਾਲੀ ਕੋਰਟ ਦੇ ਬਾਹਰ ਇਕੱਠੇ ਹੋਣਾ ਸੀ ਪਰ ਉਨ੍ਹਾਂ ਨੂੰ ਇਕੱਠੇ ਹੋਣ ਤੋਂ ਪਹਿਲਾਂ ਹੀ ਕੁਝ ਵਰਕਰਾਂ ਨੂੰ ਤਾਂ ਹਾਊਸ ਅਰੈਸਟ ਕੀਤਾ ਗਿਆ ਹੈ ਤੇ ਕੁਝ ਨੂੰ ਬਿਆਸ ਦਰਿਆ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਨਜ਼ਰਬੰਦ ਕਰ ਲਿਆ ਗਿਆ ਹੈ। ਸਾਰੀਆਂ ਮੁੱਖ ਸੜਕਾਂ ‘ਤੇ ਲਗਾਏ ਗਏ ਨਾਕਿਆਂ ‘ਤੇ ਵੀ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਲਏਗੀ 8500 ਕਰੋੜ ਦਾ ਕਰਜ਼ਾ, RBI ਨੇ ਕੀਤਾ ਮਨਜ਼ੂਰ
ਅਕਾਲੀ ਵਰਕਰਾਂ ਨੂੰ ਨਜ਼ਰਬੰਦ ਕੀਤੇ ਜਾਣ ‘ਤੇ ਅਕਾਲੀ ਪ੍ਰਧਾਨ ਸੁਖਬੀਰ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਅਕਾਲੀ ਵਰਕਰਾਂ ‘ਤੇ ਕੀਤੀ ਕਾਰਵਾਈ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵਰਕਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਤੋਂ ਨਾ ਤਾਂ ਪਹਿਲਾਂ ਡਰੇ ਸੀ ਤੇ ਨਾ ਹੀ ਹੁਣ ਡਰਾਂਗੇ। ਅਸੀਂ ਡਟ ਕੇ ਇਸ ਦਾ ਮੁਕਾਬਲਾ ਕਰਾਂਗੇ। ਪੰਜਾਬੀਆਂ ਦੇ ਸਾਥ ਨਾਲ ਢੁਕਵਾਂ ਸਬਕ ਸਿਖਾਵਾਂਗੇ। ਉਨ੍ਹਾਂ ਕਿਹਾ ਕਿ ਮਜੀਠੀਆ ਨੂੰ ਮਿਲ ਰਹੀ ਹਮਾਇਤ ਨੂੰ ਲੈ ਕੇ ਸਰਕਾਰ ਘਬਰਾ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
























