ਜਗਰਾਓਂ ਵਿਖੇ 2 ਏ. ਐੱਸ. ਆਈ. ਕਤਲ ਮਾਮਲੇ ਵਿਚ ਵਾਂਟੇਡ ਜੈਪਾਲ ਭੁੱਲਰ ਤੇ ਉਸ ਦੇ ਸਾਥੀ ਜਸਪ੍ਰੀਤ ਸਿੰਘ ਦਾ ਅੱਜ ਕੋਲਕਾਤਾ ਵਿਖੇ ਐਨਕਾਊਂਟਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਨੇ ਲਾਈਵ ਹੋ ਕੇ ਪ੍ਰੈੱਸ ਕਾਨਫਰੰਸ ਦੌਰਾਨ ਕੁਝ ਖੁਲਾਸੇ ਕੀਤੇ।
ਦਿਨਕਰ ਗੁਪਤਾ ਨੇ ਦੱਸਿਆ ਕਿ ਗੈਂਗਸਟਰ ਜੈਪਾਲ ਭੁੱਲਰ ‘ਤੇ ਸਰਕਾਰ ਵੱਲੋਂ 10 ਲੱਖ ਦਾ ਤੇ ਜਸਪ੍ਰੀਤ ‘ਤੇ 5 ਲੱਖ ਦਾ ਇਨਾਮ ਰੱਖਿਆ ਗਿਆ ਸੀ। ਐਨਕਾਊਂਟਰ ‘ਚ ਪੰਜਾਬ ਪੁਲਸ ਅਤੇ ਕੋਲਕਾਤਾ ਦੀ ਲੋਕਲ ਐੱਸ.ਟੀ.ਐੱਫ. ਵੀ ਸ਼ਾਮਲ ਸੀ। ਦੋਵੇਂ ਗੈਂਗਸਟਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੁਲਿਸ ਨੂੰ ਲੋੜੀਂਦੇ ਸਨ। ਉਨ੍ਹਾਂ ਨੂੰ ਫੜਨ ਲਈ 4-5 ਰਾਜਾਂ ਵਿਚ ਇੱਕ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ ਜਿਸ ਦਾ ਨਾਂ ‘ਜੈਕ’ ਰੱਖਿਆ ਗਿਆ। ਆਪ੍ਰੇਸ਼ਨ ਜੈਕ ਤਹਿਤ ਬਹੁਤ ਵੱਡਾ ਜਾਲ ਵਿਛਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਹੋਰਨਾਂ ਰਾਜਾਂ ਦੇ ਸਹਿਯੋਗ ਸਦਕਾ ਜੈਪਾਲ ਭੁੱਲਰ ਗੈਂਗਸਟਰ ਨੂੰ ਫੜਨ ਤੇ ਐਨਕਾਊਂਟਰ ਕਰਨ ਵਿਚ ਸਫਲਤਾ ਹਾਸਲ ਹੋ ਸਕੀ।
ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ “ਮੈਂ ਪੱਛਮੀ ਬੰਗਾਲ ਪੁਲਿਸ, ਖਾਸ ਕਰਕੇ ਪੱਛਮੀ ਬੰਗਾਲ ਪੁਲਿਸ ਦੇ ਏ.ਡੀ.ਜੀ.ਪੀ. ਅਤੇ ਐਸਟੀਐਫ ਮੁਖੀ ਵਿਨੀਤ ਗੋਇਲ (ਆਈਪੀਐਸ) ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਪੰਜਾਬ ਪੁਲਿਸ ਦੁਆਰਾ ਦਿੱਤੀ ਗਈ ਜਾਣਕਾਰੀ `ਤੇ ਤੁਰੰਤ ਕਾਰਵਾਈ ਕੀਤੀ ਅਤੇ ਕੋਲਕਾਤਾ ਦੇ ਅਪਾਰਟਮੈਂਟ` ਤੇ ਛਾਪੇਮਾਰੀ ਕੀਤੀ, ਜਿਥੇ ਜੈਪਾਲ ਅਤੇ ਉਸਦਾ ਸਾਥੀ ਜੱਸੀ ਲੁਕੇ ਹੋਏ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਜੈਪਾਲ, ਸਾਲ 2014 ਤੋਂ ਫਰਾਰ ਸੀ ਅਤੇ ਇਨ੍ਹਾਂ ਸਾਰੇ ਸਾਲਾਂ ਦੌਰਾਨ ਉਸਨੇ ਕਈ ਘਿਨਾਉਣੇ ਜੁਰਮ ਕੀਤੇ ਅਤੇ ਉਹ 25 ਤੋਂ ਵੱਧ ਸਨਸਨੀਖੇਜ਼ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ। ਉਹ ਇਸ ਸਮੇਂ ਪਾਕਿਸਤਾਨ ਅਧਾਰਤ ਵੱਡੇ ਨਸ਼ਾ ਤਸਕਰਾਂ ਨਾਲ ਮਿਲ ਕੇ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਵਿਚ ਸ਼ਾਮਲ ਸੀ। ਜਦੋਂ ਸ਼ੇਰਾ ਖੂਬਨ 2012 ਵਿੱਚ ਇੱਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਤਾਂ ਜੈਪਾਲ ਨੂੰ ਸ਼ੱਕ ਸੀ ਕਿ ਰੌਕੀ ਨੇ ਸ਼ੇਰਾ ਖੂਬਨ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ। ਇਸ ਲਈ 2016 ਵਿੱਚ ਜੈਪਾਲ ਨੇ ਸੋਲਨ ਨੇੜੇ ਜਸਵਿੰਦਰ ਸਿੰਘ ਉਰਫ ਰੌਕੀ ਦਾ ਕਤਲ ਕਰ ਦਿੱਤਾ। ਜੈਪਾਲ ਨੇ ਫੇਸਬੁੱਕ `ਤੇ ਰੌਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਅਤੇ ਇਸਨੂੰ ਸ਼ੇਰਾ ਖੂਬਨ ਮੁਕਾਬਲੇ ਦਾ ਬਦਲਾ ਕਰਾਰ ਦਿੱਤਾ।
ਪੰਜਾਬ ਦੇ DGP ਨੇ ਦੱਸਿਆ ਕਿ ਜੈਪਾਲ ਭੁੱਲਰ ਦੇ ਗੈਂਗਸਟਰ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਨਾਲ ਵੀ ਡੂੰਘੇ ਸਬੰਧ ਸਨ ਅਤੇ ਗੈਂਗਸਟਰ ਸੁੱਖਾ ਕਾਹਲਵਾਂ ਤੇ ਰੌਕੀ ਫਾਜ਼ਿਲਕਾ ਕਤਲ ਕਾਂਡ ਵਿਚ ਵੀ ਭੁੱਲਰ ਮੁੱਖ ਤੌਰ ‘ਤੇ ਦੋਸ਼ੀ ਸੀ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਦਾ ਨੈਟਵਰਕ ਕਾਫੀ ਵੱਡਾ ਸੀ ਜਿਸ ਕਾਰਨ ਬਹੁਤ ਸਾਰੇ ਗੈਰ-ਕਾਨੂੰਨੀ ਹਥਿਆਰ ਮੱਧ ਪ੍ਰਦੇਸ਼ ਤੋਂ ਵੀ ਬਰਾਮਦ ਕੀਤੇ ਗਏ ਸਨ। ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਵੱਲੋਂ ਵੀ ਇਸ ਵਿਚ ਕਾਫੀ ਸਹਿਯੋਗ ਕੀਤਾ ਗਿਆ। ਰਾਜਸਥਾਨ ਪੁਲਿਸ ਨਾਲ ਵੀ ਪੰਜਾਬ ਪੁਲਿਸ ਦਾ ਕਾਫੀ ਚੰਗਾ ਤਾਲਮੇਲ ਰਿਹਾ ਜਿਸ ਕਾਰਨ ਇਨ੍ਹਾਂ ਗੈਂਗਸਟਰਾਂ ਨੂੰ ਫੜਨ ਵਿਚ ਸਫਲਤਾ ਮਿਲੀ।
ਇਹ ਵੀ ਪੜ੍ਹੋ : ਤੋਮਰ ਖੇਤੀ ਕਾਨੂੰਨਾਂ ‘ਤੇ ਚਰਚਾ ਨੂੰ ਰੱਦ ਕਰਨ ਦੀ ਬਜਾਏ ਅੰਦੋਲਨਕਾਰੀ ਕਿਸਾਨਾਂ ਨਾਲ ਮੁੜ ਤੋਂ ਗੱਲਬਾਤ ਕਰਨ : ਸੁਖਬੀਰ ਬਾਦਲ
ਜਪਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਰਵਿੰਦਰ ਸਿੰਘ ਵਾਸੀ ਖਰੜ, ਜਗਰਾਉਂ ਵਿਖੇ ਦੋ ਏ.ਐਸ.ਆਈਜ਼ ਦੀ ਹੱਤਿਆ ਸਮੇਤ ਘੱਟੋ ਘੱਟ 4 ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਸੀ। ਉਹ ਜੈਪਾਲ ਦੇ ਨਾਲ ਨਾਲ 28 ਮਈ, 2021 ਨੂੰ ਗ੍ਰਿਫ਼ਤਾਰ ਕੀਤੇ ਗਏ ਦਰਸ਼ਨ ਸਿੰਘ ਅਤੇ ਬਲਜਿੰਦਰ ਸਿੰਘ ਦਾ ਕਰੀਬੀ ਸਾਥੀ ਸੀ ਅੱਜ ਕੋਲਕਾਤਾ ਵਿਖੇ ਜੈਪਾਲ ਅਤੇ ਉਸ ਦੇ ਕਰੀਬੀ ਸਾਥੀ ਨੂੰ ਬੇਅਸਰ ਕਰਨ ਅਤੇ 28 ਮਈ, 2021 ਨੂੰ ਗਵਾਲੀਅਰ ਤੋਂ ਉਸਦੇ 2 ਸਾਥੀਆਂ ਦੀ ਗ੍ਰਿਫਤਾਰੀ ਨਾਲ ਸਰਹੱਦ ਪਾਰੋਂ ਚੱਲ ਰਹੇ ਹੈਰੋਇਨ ਨਸ਼ਾ ਤਸਕਰੀ ਦੇ ਨੈਟਵਰਕ ਨੂੰ ਵੱਡਾ ਝਟਕਾ ਲੱਗਾ ਹੈ।
DGP ਨੇ ਦੱਸਿਆ ਕਿ ਇਸ ਐਕਾਊਂਟਰ ਵਿਚ ਕੋਲਕਾਤਾ ਦੇ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਉਥੋਂ 4 ਪਿਸਤੌਲਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਕੈਪਟਨ ਸਰਕਾਰ ਸੱਤਾ ਵਿਚ ਆਈ ਸੀ 20 ਗੈਂਗਸਟਰ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।ਇਹ ਗੈਂਗਸਟਰ ਡਰੱਗ ਸਮੱਗਲਰ ਵੀ ਰਹਿ ਚੁੱਕੇ ਹਨ ਤੇ ਬਾਰਡਰ ਪਾਰ ਤੋਂ ਡਰੱਗ ਦੀ ਜੋ ਸਮਗਲਿੰਗ ਹੁੰਦੀ ਹੈ, ਉਸ ਵਿਚ ਵੀ ਇਹ ਗੈਂਗਸਟਰ ਸ਼ਾਮਲ ਹਨ। ਕਈ ਗੈਂਗਸਟਰਾਂ ਨੂੰ ਅਸੀਂ ਵਿਦੇਸ਼ਾਂ ਤੋਂ ਵੀ ਲੈ ਕੇ ਆਏ ਹਾਂ। ਉਨ੍ਹਾਂ ਕਿਹਾ ਕਿ 31 ਗੈਂਗਸਟਰ-ਏ ਕੈਟਾਗਰੀ ਸਾਡੇ ਲਈ ਚੁਣੌਤੀ ਸੀ। ਇਸੇ ਲੜੀ ਵਿਚ ਜੈਪਾਲ ਭੁੱਲਰ ਵੀ ਸ਼ਾਮਲ ਸੀ। 33 ਕਿਲੋ ਗੋਲਡ ਲੁਧਿਆਣਾ ਵਿਚ ਹੋਈ ਡਕੈਤੀ ਵਿਚ ਵੀ ਉਸ ਦੀ ਸ਼ਮੂਲੀਅਤ ਸੀ। ਇਸ ਤੋਂ ਇਲਾਵਾ ਚਿਤਕਾਰਾ ਕੋਲ ਏ. ਟੀ. ਐੱਮ. ਵੈਨ ਲੁੱਟੀ ਗਈ ਸੀ, ਜਿਸ ਵਿਚ ਉਹ ਸ਼ਾਮਲ ਸੀ।
ਇਹ ਵੀ ਪੜ੍ਹੋ : ਚਾਹ ਵਾਲੇ ਨੇ 100 ਰੁਪਏ ਭੇਜ PM ਮੋਦੀ ਨੂੰ ਕੀਤੀ ਦਾੜ੍ਹੀ ਕਟਵਾਉਣ ਦੀ ਅਪੀਲ, ਕਿਹਾ – ਰੁਜ਼ਗਾਰ ਵਧਾਓ, ਦਾੜ੍ਹੀ ਨਹੀਂ