Dhakoli is announced : ਮੋਹਾਲੀ : ਜ਼ੀਰਕਪੁਰ ਦੇ ਨਾਲ ਲੱਗਦੇ ਢਕੋਲੀ ’ਚ ਅਚਾਨਕ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਸਾਹਮਣੇ ਆਉਣ ਲੱਗੇ ਹਨ. ਜਿਸ ਕਰਕੇ ਪ੍ਰਸ਼ਾਸਨ ਨੂੰ ਸਖਤ ਫੈਸਲਾ ਲੈਣਾ ਪਿਆ ਹੈ। ਸਾਵਧਾਨੀ ਵਜੋਂ ਸਖਤ ਕਦਮ ਚੁੱਕਦੇ ਹੋਏ ਪੂਰੇ ਢਕੋਲੀ ਖੇਤਰ ਨੂੰ ਕੰਟਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ। ਹੁਣ ਇਸ ਖੇਤਰ ਵਿੱਚ ਰਹਿਣ ਵਾਲੇ 100 ਫੀਸਦੀ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾਣਗੇ। ਇਸ ਖੇਤਰ ਵਿੱਚ ਵਾਹਨਾਂ ਅਤੇ ਵਿਅਕਤੀਆਂ ਦੀ ਆਵਾਜਾਈ ਨਹੀਂ ਹੋਵੇਗੀ, ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ‘ਤੇ ਸਖਤੀ ਕੀਤੀ ਜਾਵੇਗੀ।
ਇਸ ਦੀ ਪੁਸ਼ਟੀ ਮੋਹਾਲੀ ਜ਼ਿਲ੍ਹੇ ਦੇ ਡੀਸੀ ਗਿਰੀਸ਼ ਦਿਆਲਨ ਨੇ ਟਵੀਟ ਕਰਕੇ ਕੀਤੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸਿਰਫ ਜ਼ਰੂਰੀ ਸਾਮਾਨ ਤੇ ਸੇਵਾਵਾਂ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਵੱਖ-ਵੱਖ ਸਿਵਲ ਅਤੇ ਪੁਲਿਸ ਅਧਿਕਾਰੀਆਂ ਸਮੇਤ ਡਾਕਟਰਾਂ ਦੀ ਵੀ ਤਾਇਨਾਤੀ ਕੀਤੀ ਹੈ, ਜਿਹੜੇ ਕਿ ਰੋਜ਼ਾਨਾ ਇਸ ਜ਼ੋਨ ਵਿਚ ਜਾ ਕੇ ਚੈਕਿੰਗ ਅਧਿਕਾਰੀਆਂ ਨੂੰ ਕੰਟੇਨਮੈਂਟ ਜ਼ੋਨ ਵਿਚ 12 ਅਪ੍ਰੈਲ ਤੋਂ 22 ਅਪ੍ਰੈਲ ਤੱਕ ਕਰਫ਼ਿਊ ਵਰਗੀ ਸਖ਼ਤੀ ਕਰਨ ਲਈ ਕਿਹਾ ਗਿਆ ਹੈ।
ਸਾਰੇ ਸਿਵਲ ਅਤੇ ਸਿਹਤ ਅਧਿਕਾਰੀਆਂ ਨੂੰ ਇਸ ਜ਼ੋਨ ’ਤੇ ਤਿੱਖੀ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਇਸ ਖ਼ੇਤਰ ਅਧੀਨ ਢਕੋਲੀ, ਗਾਜੀਪੁਰ, ਕਿਸ਼ਨਪੁਰਾ, ਪੀਰਮੁਛੈਲਾ ਅਤੇ ਸਨੌਲੀ ਦੇ ਇਲਾਕਿਆਂ ਨਾਲ ਸਬੰਧਤ ਸਾਰੀਆਂ ਸੁਸਾਇਟੀਆਂ ਅਤੇ ਕਲੋਨੀਆਂ ਪੈਂਦੀਆਂ ਹਨ। ਦੱਸਣਯੋਗ ਹੈ ਕਿ ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਬੀਤੇ ਦਿਨ ਸੂਬੇ ਵਿੱਚ ਕੋਰੋਨਾ ਦੇ 3477 ਨਵੇਂ ਮਰੀਜ਼ ਸਾਹਮਣੇ ਆਏ ਹਨ ਅਤੇ 52 ਲੋਕਾਂ ਦੀ ਮੌਤ ਹੋ ਗਈ।