Dilip Kumar and Raj Kapoor ancestral home : ਪਾਕਿਸਤਾਨ ਸਥਿਤ ਖੈਬਰ ਪਖਤੂਨਖਵਾ ਸੂਬੇ ਦੀ ਸਰਕਾਰ ਨੇ ਬਾਲੀਵੁੱਡ ਦੇ ਮਹਾਨ ਅਦਾਕਾਰ ਰਾਜ ਕਪੂਰ ਅਤੇ ਦਿਲੀਪ ਕੁਮਾਰ ਦੀਆਂ ਪੇਸ਼ਾਵਰ ਵਿੱਚ ਮੌਜੂਦ ਪੁਸ਼ਤੈਨੀ ਹਵੇਲੀਆਂ ਨੂੰ ਖਰੀਦ ਕੇ ਉਨ੍ਹਾਂ ਨੂੰ ਅਜਾਇਬ ਘਰ ਵਿੱਚ ਤਬਦੀਲ ਕਰਨ ਲਈ 2.30 ਕਰੋੜ ਰੁਪਏ ਅਲਾਟ ਕੀਤੇ ਹਨ।
ਪੁਰਾਤਤਵ ਵਿਭਾਗ ਨੇ ਇਹ ਰਕਮ ਪੇਸ਼ਾਵਰ ਦੇ ਡਿਪਟੀ ਕਮਿਸ਼ਨਰ ਨੂੰ ਸੌਂਪ ਦਿੱਤੀ ਹੈ। ਇਹ ਕਦਮ ਦੋਵੇਂ ਹਵੇਲੀਆਂ ਦੇ ਮੌਜੂਦਾ ਮਾਲਕਾਂ ਨੂੰ ਖਰੀਦਣ ਲਈ ਅੰਤਿਮ ਨੋਟਿਸ ਜਾਰੀ ਕਰਨ ਤੋਂ ਬਾਅਦ ਚੁੱਕਿਆ ਗਿਆ ਸੀ। ਖੈਬਰ ਪਖਤੂਨਖਵਾ ਦੇ ਪੁਰਾਤਤਵ ਵਿਭਾਗ ਦੇ ਡਾਇਰੈਕਟਰ ਅਬਦੁਸ ਸਮਦ ਨੇ ਕਿਹਾ ਕਿ ਸਰਕਾਰ ਦੋਵਾਂ ਘਰਾਂ ਦਾ ਕਬਜ਼ਾ ਲੈ ਲਏਗੀ ਅਤੇ ਢਾਂਚੇ ਨੂੰ ਆਪਣੇ ਪੁਰਾਣੇ ਰੂਪ ਵਿਚ ਬਹਾਲ ਕਰਨ ਦਾ ਕੰਮ ਸ਼ੁਰੂ ਕਰੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਦੋਵਾਂ ਇਮਾਰਤਾਂ ਨੂੰ ਸੁਰੱਖਿਅਤ ਕਰੇਗੀ ਤਾਂ ਜੋ ਲੋਕ ਫਿਲਮ ਇੰਡਸਟਰੀ ਵਿੱਚ ਦਿਲੀਪ ਕੁਮਾਰ ਅਤੇ ਰਾਜ ਕਪੂਰ ਦੇ ਯੋਗਦਾਨ ਬਾਰੇ ਜਾਣ ਸਕਣ। ਖੈਬਰ ਪਖਤੂਨਖਵਾ ਦੀ ਸਰਕਾਰ ਨੇ ਰਾਜ ਕਪੂਰ ਦੇ 6.25 ਮਰਲੇ ਵਿਚ ਬਣੇ ਘਰ ਅਤੇ ਦਿਲੀਪ ਕੁਮਾਰ ਦੇ ਚਾਰ ਮਰਲੇ ਘਰ ਦੀ ਕੀਮਤ ਕ੍ਰਮਵਾਰ 1.50 ਕਰੋੜ ਅਤੇ 80 ਲੱਖ ਰੁਪਏ ਤੈਅ ਕੀਤੀ ਹੈ।
ਦੱਸ ਦੇਈਏ ਕਿ ਮਰਲਾ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਵਿੱਚ ਜ਼ਮੀਨ ਦੀ ਪੈਮਾਇਸ਼ ਦਾ ਪੁਰਾਣਾ ਪੈਮਾਨਾ ਪੈਮਾਨਾ ਹੈ ਅਤੇ ਇੱਕ ਮਰਲਾ 272.25 ਵਰਗ ਫੁੱਟ ਦੇ ਬਰਾਬਰ ਹੈ। ਕਪੂਰ ਦੀ ਹਵੇਲੀ ਦੇ ਮੌਜੂਦਾ ਮਾਲਕ ਅਲੀ ਕਾਦਿਰ ਨੇ 20 ਕਰੋੜ ਰੁਪਏ ਦੀ ਮੰਗ ਕੀਤੀ ਹੈ, ਜਦਕਿ ਦਿਲੀਪ ਕੁਮਾਰ ਦੇ ਮਕਾਨ ਦੇ ਮੌਜੂਦਾ ਮਾਲਕ ਗੁਲ ਰਹਿਮਾਨ ਮੁਹੰਮਦ ਨੇ ਕਿਹਾ ਕਿ ਸਰਕਾਰ ਨੂੰ ਇਹ ਮਕਾਨ 3.50 ਕਰੋੜ ਰੁਪਏ ਦੀ ਮਾਰਕੀਟ ਕੀਮਤ ਤੇ ਖਰੀਦਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਰੋਜ਼ੀ-ਰੋਟੀ ਕਮਾਉਣ ਫਿਲਪੀਨ ਗਏ ਬਰਨਾਲਾ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਜ਼ਿਕਰਯੋਗ ਹੈ ਕਿ ਰਾਜ ਕਪੂਰ ਦੀ ਜੱਦੀ ਰਿਹਾਇਸ਼ ਪੇਸ਼ਾਵਰ ਦੇ ਕਿੱਸਾ ਖਵਾਨੀ ਬਾਜ਼ਾਰ ਵਿਚ ਹੈ, ਜਿਸ ਨੂੰ ਉਸ ਦੇ ਦਾਦਾ ਦੀਵਾਨ ਬਸ਼ਵੇਸ਼ਨਾਥ ਕਪੂਰ ਨੇ ਸਾਲ 1918 ਤੋਂ 1922 ਦੇ ਵਿਚਕਾਰ ਬਣਾਇਆ ਸੀ। ਦਿਲੀਪ ਕੁਮਾਰ ਦਾ ਜੱਦੀ ਘਰ ਵੀ ਇਸ ਖੇਤਰ ਵਿੱਚ ਹੈ।