ਯੂਕਰੇਨ ‘ਤੇ ਰੂਸੀ ਹਮਲੇ ਵਿਚਾਲੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਾਇਡੇਨ ਪ੍ਰਸ਼ਾਸਨ ‘ਤੇ ਨਿਸ਼ਾਨਾ ਸਾਧਿਆ ਹੈ। ਟਰੰਪ ਨੇ ਕਿਹਾ ਕਿ ਮੇਰੇ ਸ਼ਾਸਨ ਦੌਰਾਨ ਵੀ ਪੁਤਿਨ ਹਮਲੇ ਦੀ ਤਿਆਰੀ ਕਰ ਰਹੇ ਸਨ ਪਰ ਮੈਂ ਉਨ੍ਹਾਂ ਨੂੰ ਰੂਸ ਦੀ ਰਾਜਧਾਨੀ ‘ਤੇ ਬੰਬਾਰੀ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਉਹ ਰੁਕ ਗਏ। ਟਰੰਪ ਨੇ ਆਪਣੇ ਦੋਸਤ ਨਾਲ ਫੋਨ ‘ਤੇ ਗੱਲ ਕਰਦਿਆਂ ਇਹ ਦਾਅਵਾ ਕੀਤਾ ਹੈ। ਜਿਸਦੀ ਵੀਡੀਓ ਵਾਇਰਲ ਹੋ ਰਹੀ ਹੈ ।
ਇੱਕ ਰਿਪੋਰਟ ਅਨੁਸਾਰ ਫੋਨ ‘ਤੇ ਗੱਲਬਾਤ ਕਰਦੇ ਹੋਏ ਟਰੰਪ ਨੇ ਕਿਹਾ ਕਿ ਰੂਸ ਨੇ ਓਬਾਮਾ ਸ਼ਾਸਨ ਦੌਰਾਨ ਕ੍ਰੀਮੀਆ ਨੂੰ ਆਪਣੇ ਨਾਲ ਮਿਲਾ ਲਿਆ ਸੀ ਅਤੇ ਹੁਣ ਬਾਇਡੇਨ ਸ਼ਾਸਨ ਦੌਰਾਨ ਯੂਕਰੇਨ ‘ਤੇ ਹਮਲਾ ਕਰ ਦਿੱਤਾ । ਉਨ੍ਹਾਂ ਕਿਹਾ ਕਿ ਮੇਰੇ ਸ਼ਾਸਨ ਦੌਰਾਨ ਕਿਸੇ ਵਿੱਚ ਅਮਰੀਕਾ ਨੂੰ ਅੱਖਾਂ ਦਿਖਾਉਣ ਦੀ ਹਿੰਮਤ ਨਹੀਂ ਸੀ।
ਇਹ ਵੀ ਪੜ੍ਹੋ: ਰੂਸ ਵੱਲੋਂ ਯੂਕਰੇਨ ਦੇ ਦੋ ਸ਼ਹਿਰਾਂ ‘ਚ ਸੰਘਰਸ਼ ਵਿਰਾਮ ਦਾ ਐਲਾਨ, ਲੋਕਾਂ ਨੂੰ ਸ਼ਹਿਰ ਛੱਡਣ ਦਾ ਹੁਕਮ
ਟਰੰਪ ਨੇ ਗੱਲਬਾਤ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਲੈ ਕੇ ਵੀ ਨਵਾਂ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਮੈਂ ਚੀਨ ਦੇ ਰਾਸ਼ਟਰਪਤੀ ਨੂੰ ਕਿਹਾ ਕਿ ਤੁਸੀਂ ਜ਼ਿਆਦਾ ਉਡਾਣ ਨਾ ਭਰੋ, ਨਹੀਂ ਤਾਂ ਤਾਈਵਾਨ ਜਲਦੀ ਹੀ ਨਵਾਂ ਦੇਸ਼ ਬਣ ਜਾਵੇਗਾ। ਟਰੰਪ ਨੇ ਕਿਹਾ ਕਿ ਇਸ ਤੋਂ ਬਾਅਦ ਜਿਨਪਿੰਗ ਸ਼ਾਂਤ ਹੋ ਗਏ ਹਨ। ਟਰੰਪ ਨੇ ਅੱਗੇ ਕਿਹਾ ਕਿ ਜਿਸ ਤਰ੍ਹਾਂ ਸਾਡੀ ਫੌਜ ਅਫਗਾਨਿਸਤਾਨ ਤੋਂ ਵਾਪਸ ਆਈ ਹੈ, ਉਸ ਨਾਲ ਰੂਸ ਅਤੇ ਚੀਨ ਨੂੰ ਹੌਸਲਾ ਮਿਲਿਆ ਹੈ। ਦੋਵੇਂ ਦੇਸ਼ ਸਮਝ ਗਏ ਹਨ ਕਿ ਹੁਣ ਅਮਰੀਕਾ ਕਮਜ਼ੋਰ ਹੈ ਅਤੇ ਕੋਈ ਵੱਡਾ ਫੈਸਲਾ ਨਹੀਂ ਲੈ ਸਕਦਾ। ਰੂਸ-ਯੂਕਰੇਨ ਯੁੱਧ ਤੋਂ ਬਾਅਦ ਚੀਨ ਤਾਇਵਾਨ ‘ਤੇ ਵੀ ਹਮਲਾ ਕਰ ਸਕਦਾ ਹੈ।
ਦੱਸ ਦੇਈਏ ਕਿ ਯੂਕਰੇਨ ‘ਤੇ ਰੂਸੀ ਫੌਜ ਦਾ ਹਮਲਾ ਲਗਾਤਾਰ 11ਵੇਂ ਦਿਨ ਵੀ ਜਾਰੀ ਹੈ । ਪੁਤਿਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਯੂਕਰੇਨ ਨਹੀਂ ਸੁਧਰਿਆ ਤਾਂ ਇਸ ਦੇ ਨਤੀਜੇ ਭਿਆਨਕ ਹੋਣਗੇ। ਉਨ੍ਹਾਂ ਕਿਹਾ ਕਿ ਰੂਸ ਨੇ ਯੂਕਰੇਨ ਦੇ ਸਾਰੇ ਫੌਜੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ। ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਦਾ ਤੀਜਾ ਦੌਰ ਸੋਮਵਾਰ ਨੂੰ ਹੋਣ ਦੀ ਉਮੀਦ ਹੈ।
ਵੀਡੀਓ ਲਈ ਕਲਿੱਕ ਕਰੋ -: