Donald Trump bans travellers: ਨਿਊਯਾਰਕ: ਅਮਰੀਕਾ ਨੇ ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਦੇ ਮੱਦੇਨਜ਼ਰ ਬ੍ਰਾਜ਼ੀਲ ਤੋਂ ਆਉਣ ਵਾਲੇ ਯਾਤਰੀਆਂ ‘ਤੇ ਪਾਬੰਦੀ ਲਗਾ ਦਿੱਤੀ ਹੈ । ਬ੍ਰਾਜ਼ੀਲ ਵਿੱਚ ਹਰ ਦਿਨ ਰਿਕਾਰਡ ਵਿਚ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਮੱਦੇਨਜ਼ਰ ਅਮਰੀਕਾ ਨੇ ਇਹ ਫੈਸਲਾ ਲਿਆ ਹੈ । ਦਰਅਸਲ, ਬ੍ਰਾਜ਼ੀਲ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 16,508 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਕੋਰੋਨਾ ਪੀੜਤਾਂ ਦੀ ਕੁੱਲ ਸੰਖਿਆ 3.65 ਲੱਖ ਹੋ ਗਈ ਹੈ ।
ਹਾਲ ਹੀ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਉਹ ਬ੍ਰਾਜ਼ੀਲ ਤੋਂ ਆਉਣ ਵਾਲੇ ਯਾਤਰੀਆਂ ‘ਤੇ ਪਾਬੰਦੀ ਲਗਾਉਣ ‘ਤੇ ਵਿਚਾਰ ਕਰ ਰਹੇ ਹਨ । ਟਰੰਪ ਨੇ ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਉਥੋਂ ਦੇ ਲੋਕ ਆ ਕੇ ਸਾਡੇ ਲੋਕਾਂ ਨੂੰ ਸੰਕਰਮਿਤ ਕਰਨ । ਮੈਂ ਨਹੀਂ ਚਾਹੁੰਦਾ ਕਿ ਉਥੋਂ ਦੇ ਲੋਕ ਬੀਮਾਰ ਹੋਣ । ਅਸੀਂ ਵੈਂਟੀਲੇਟਰ ਭੇਜ ਕੇ ਬ੍ਰਾਜ਼ੀਲ ਦੀ ਮਦਦ ਕਰ ਰਹੇ ਹਾਂ. ਬ੍ਰਾਜ਼ੀਲ ਮੁਸੀਬਤ ਵਿੱਚ ਹੈ ।
ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓ ਬ੍ਰਾਇਨ ਨੇ ਸ਼ਨੀਵਾਰ ਨੂੰ CBS ਫੇਸ ਦਿ ਨੇਸ਼ਨ ਨੂੰ ਕਿਹਾ ਕਿ ਬ੍ਰਾਜ਼ੀਲ ਤੋਂ ਆਉਣ ਵਾਲੇ ਯਾਤਰੀਆਂ ਦੇ ਦਾਖਲੇ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ । ਉਸਨੇ ਅੱਗੇ ਕਿਹਾ ਕਿ ਉਮੀਦ ਕੀਤੀ ਜਾਂਦੀ ਹੈ ਕਿ ਇਹ ਅਸਥਾਈ ਤੌਰ ‘ਤੇ ਹੋਵੇਗਾ ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਅਮਰੀਕਾ ਤੋਂ ਬਾਅਦ ਬ੍ਰਾਜ਼ੀਲ ਵਿੱਚ ਦਰਜ ਕੀਤੇ ਗਏ ਹਨ । ਬ੍ਰਾਜ਼ੀਲ ਵਿੱਚ ਕੋਰੋਨਾ ਸੰਕਰਮਣ ਦੀ ਕੁੱਲ ਗਿਣਤੀ 3.65 ਲੱਖ ਹੋ ਗਈ ਹੈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 22,746 ਹੋ ਗਈ ਹੈ । ਇਹ ਰਾਹਤ ਦੀ ਗੱਲ ਹੈ ਕਿ ਕੋਵਿਡ-19 ਤੋਂ 1.5 ਲੱਖ ਲੋਕ ਠੀਕ ਵੀ ਹੋ ਚੁੱਕੇ ਹਨ।