Dr Oberoi sent 177 : ਚੰਡੀਗੜ੍ਹ : ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਇਕ ਵਾਰ ਫਿਰ ਯੂਏਈ ਵਿਚ ਫਸੇ ਭਾਰਤੀਆਂ ਲਈ ਮਸੀਹਾ ਬਣ ਗਏ ਅਤੇ ਉਨ੍ਹਾਂ ਨੇ ਆਪਣੇ ਖਰਚੇ ’ਤੇ ਕਰੋੜਾਂ ਰੁਪਏ ਖਰਚ ਕਰਕੇ ਕਰਕੇ ਅਰਬ ਦੇਸ਼ਾਂ ’ਚੋਂ ਫਸੇ ਸੈਂਕੜੇ ਨੌਜਵਾਨਾਂ ਨੂੰ ਮੁੜ ਆਪਣੇ ਦੇਸ਼ ਵਿਚ ਪਹੁੰਚਾਇਆ। ਦੱਸਣਯੋਗ ਹੈ ਕਿ ਯੂ.ਏ.ਈ. ਅੰਦਰ ਫਸੇ ਹਜ਼ਾਰਾਂ ਭਾਰਤੀਆਂ ‘ਚੋਂ 177 ਲੋਕਾਂ ਨੂੰ ਉਨ੍ਹਾਂ ਨੇ ਆਪਣੇ ਖਰਚੇ ’ਤੇ ਬੁੱਕ ਕੀਤੇ ਪਹਿਲੇ ਵਿਸ਼ੇਸ਼ ਚਾਰਟਰਡ ਜਹਾਜ਼ ਰਾਹੀਂ ਦੇਸ਼ ’ਚ ਲਿਆ ਕੇ ਮਨੁੱਖਤਾ ਦੀ ਸੇਵਾ ਦੀ ਇਕ ਮਿਸਾਲ ਪੇਸ਼ ਕੀਤੀ।
ਦੱਸਣਯੋਗ ਹੈ ਕਿ ਪਹਿਲੇ ਪੜਾਅ ਤਹਿਤ 4 ਵਿਸ਼ੇਸ਼ ਉਡਾਣਾਂ ‘ਚੋਂ ਪਹਿਲੀ ਚਾਰਟਰਡ ਉਡਾਣ ਬੀਤੀ ਰਾਤ ਰਾਸ ਅਲ ਖੇਮਾ (ਯੂ.ਏ.ਈ.) ਹਵਾਈ ਅੱਡੇ ਤੋਂ ਚੰਡੀਗੜ੍ਹ ਏਅਰਪੋਰਟ ਤੇ ਪਹੁੰਚੀ, ਜਿਸ ਵਿਚ 177 ਪੰਜਾਬੀ ਵਾਪਿਸ ਦੇਸ਼ ਪਰਤੇ। ਉਨ੍ਹਾਂ ਨੂੰ ਵਾਪਸ ਲਿਆਉਣ ਉਪਰੰਤ ਉਨ੍ਹਾਂ ਸਾਰਿਆਂ ਨੂੰ ਆਪੋ-ਆਪਣੇ ਜ਼ਿਲ੍ਹਿਆਂ ਅੰਦਰ ਭੇਜ ਦਿੱਤਾ ਗਿਆ ਹੈ। ਇਸ ਮੌਕੇ ਟਰੱਸਟੀ ਗੁਰਜੀਤ ਸਿੰਘ ਓਬਰਾਏ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਸ ਉਡਾਣ ਰਾਹੀਂ ਆਏ ਲੋਕ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਫਰੀਦਕੋਟ, ਫਤਹਿਗੜ੍ਹ ਸਾਹਿਬ, ਹੁਸ਼ਿਆਰਪੁਰ, ਬਰਨਾਲਾ ਅਤੇ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਸਨ। ਇਸ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਆਉਣ ਵਾਲੇ ਸਾਰੇ ਲੋਕਾਂ ਦੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਆਪਣੇ ਖਰਚੇ ਤੇ ਰਾਸ ਅਲ ਖੇਮਾ (ਯੂ.ਏ.ਈ.) ਹਵਾਈ ਅੱਡੇ ਤੇ ਹੀ ਕਰੋਨਾ ਟੈਸਟ ਵੀ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਇਹ ਚਾਰੇ ਫਲਾਈਟਾਂ ਡਾ. ਓਬਰਾਏ ਨੇ ਆਪਣੇ ਖਰਚੇ ’ਤੇ ਬੁੱਕ ਕਰਵਾਈਆਂ ਹਨ। ਟਰੱਸਟ ਵੱਲੋਂ ਬੁੱਕ ਕਰਵਾਏ ਗਏ ਚਾਰਟਰਡ ਜਹਾਜ਼ਾਂ ‘ਚੋਂ ਦੂਜੀ ਫਲਾਈਟ 13 ਜੁਲਾਈ ਨੂੰ ਅੰਮ੍ਰਿਤਸਰ, ਤੀਜੀ 19 ਜੁਲਾਈ ਨੂੰ ਮੁੜ ਚੰਡੀਗੜ੍ਹ ਜਦ ਕਿ ਚੌਥੀ ਫਲਾਈਟ 25 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਪਹੁੰਚੇਗੀ, ਜਿਸ ਲਈ ਉੱਥੇ ਫਸੇ ਲੋਕਾਂ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਦੁਬਈ ਸਥਿਤ ਦਫਤਰ ਵਿਖੇ ਆਪਣੇ ਨਾਂ ਰਜਿਸਟਰਡ ਕਰਵਾ ਲਏ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਅਰਬ ਦੇਸ਼ਾਂ ਅੰਦਰ ਹਜ਼ਾਰਾਂ ਲੋਕ ਫਸ ਗਏ ਸਨ, ਜਿਨ੍ਹਾਂ ਵਿਚੋਂ ਪਹਿਲੇ ਵਰਗ ਵਿਚ ਲੋਕ ਆਪਣੇ ਕੋਲੋਂ ਸਾਰੇ ਪੈਸੇ ਖਰਚ ਕੇ ਵਾਪਸ ਆਉਣ ਦੇ ਸਮਰੱਥ ਹੈ। ਦੂਜੇ ਵਰਗ ਦੇ ਲੋਕਾਂ ਨੂੰ ਕੰਪਨੀਆਂ ਹੀ ਆਪਣੇ ਖਰਚ ‘ਤੇ ਵਾਪਸ ਭੇਜਣ ਲਈ ਤਿਆਰ ਹਨ ਅਤੇ ਤੀਜਾ ਵਰਗ ਵਾਪਸ ਆਉਣ ਲਈ ਆਪਣੇ ਕੋਲੋਂ ਵੀ 25 ਤੋਂ 50 ਫੀਸਦੀ ਖਰਚ ਕਰ ਸਕਦਾ ਹੈ, ਜਦਕਿ ਚੌਥਾ ਵਰਗ ਦੇ ਉਹ ਅਜਿਹੇ ਕਾਮੇ ਹਨ ਜੋ ਕਰੋਨਾ ਮਹਾਂਮਾਰੀ ਦੌਰਾਨ ਕੰਪਨੀਆਂ ਬੰਦ ਹੋਣ ਕਾਰਨ ਸੜਕਾਂ ‘ਤੇ ਆ ਚੁੱਕੇ ਹਨ ਉਨ੍ਹਾਂ ਦੀ ਹਾਲਤ ਇੰਨੀ ਖ਼ਰਾਬ ਹੈ ਕਿ ਉਹ ਦੋ ਵਕਤ ਦੀ ਰੋਟੀ ਨੂੰ ਵੀ ਤਰਸ ਰਹੇ ਹਨ। ਇਸ ਫਲਾਈਟ ਰਾਹੀਂ ਉਪਰੋਕਤ ਚਾਰਾਂ ਵਰਗਾਂ ਦੇ ਲੋਕ ਵਾਪਸ ਆਏ ਹਨ ਪਰ ਇਨ੍ਹਾਂ ‘ਚ ਸਭ ਤੋਂ ਵੱਧ ਲੋਕਾਂ ਦੀ ਪੂਰੀ ਟਿਕਟ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਖ੍ਰੀਦੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਲੋੜ ਪਈ ਤਾਂ ਟਰੱਸਟ ਵੱਲੋਂ ਅਗਲੇ ਮਹੀਨੇ ਵੀ ਆਪਣੇ ਖਰਚ ਤੇ 4 ਹੋਰ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੁਬਈ ਵਿਚ ਵੀ ਉਨ੍ਹਾਂ ਦੀਆਂ ਰਿਹਾਇਸ਼ੀ ਪਨਾਹਗਾਹਾਂ ਵਿਚ ਅਜਿਹੇ ਲੋਕਾਂ ਨੂੰ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ।