Due to land dispute : ਪੰਜਾਬ ਵਿਚ ਕ੍ਰਾਈਮ ਦੀਆਂ ਘਟਨਾਵਾਂ ਲੌਕਡਾਊਨ ਵਿਚ ਵੀ ਘਟਣ ਦਾ ਨਾਂ ਨਹੀਂ ਲੈ ਰਹੀਆਂ। ਅੱਜ ਪਾਤੜਾਂ ਤੋਂ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਉਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਇਕ ਔਰਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ 33 ਸਾਲਾ ਨੌਜਵਾਨ ਨੂੰ ਟਰੈਕਟਰ ਨਾਲ ਕੁਚਲ ਦਿੱਤਾ। ਨੌਜਵਾਨ ਨੂੰ ਗੰਭੀਰ ਜਖਮੀ ਹੋਣ ’ਤੇ ਪਾਤੜਾਂ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਉਥੇ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਉਸ ਨੇ ਦਮ ਤੋੜ ਦਿੱਤਾ।
ਜਾਣਕਾਰੀ ਦਿੰਦੇ ਸੰਗਰੂਰ ਦੇ ਥਾਣਾ ਇੰਚਾਰਜ ਦਿੜ੍ਹਬਾ ਸੁਖਦੀਪ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਨ੍ਹਾਂ ਨੇ ਮੁਲਜ਼ਮ ਔਰਤ ਸਮੇਤ 7 ਲੋਕਾਂ ਖਿਲਾਫ ਹੱਤਿਆ ਦਾ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਵਾਰਦਾਤ ਵਿਚ ਵਰਤੋਂ ਵਿਚ ਲਿਆਂਦਾ ਗਿਆ ਟਰੈਕਟਰ ਵੀ ਕਬਜੇ ਵਿਚ ਲੈ ਲਿਆ ਹੈ। ਪਾਤੜਾਂ ਹਸਪਤਾਲ ਵਿਚ ਮਰਨ ਵਾਲੇ ਨੌਜਵਾਨ ਹਰਵਿੰਦਰ ਸਿੰਘ ਦੀ ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਪਿੰਡ ਹਾਮਝੇੜੀ ਦੀ ਔਰਤ ਪਰਮਜੀਤ ਕੌਰ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਹੈ। ਇਸ ਕੇਸ ਵਿਚ ਉਨ੍ਹਾਂ ਨੂੰ ਅਦਾਲਤ ਵਲੋਂ ਸਟੇਅ ਵੀ ਮਿਲਿਆ ਹੋਇਆ ਹੈ ਪਰ ਸ਼ੁੱਕਰਵਾਰ ਨੂੰ ਔਰਤ ਆਪਣੇ ਸਾਥੀਆਂ ਭੋਲਾ ਸਿੰਘ, ਕੰਵਲਪ੍ਰੀਤ ਸਿੰਘ ਕਾਲੂ ਅਤੇ ਉਨ੍ਹਾਂ ਦੇ ਪਿੰਡ ਸਮੇਤ ਪਿੰਡ ਢੁਡਿਆਲ ਦੇ ਲੋਕਾਂ ਨੂੰ ਲੈਕੇ ਉਨ੍ਹਾਂ ਦੀ ਜ਼ਮੀਨ ’ਤੇ ਕਬਜਾ ਕਰਨ ਲਈ ਪਹੁੰਚ ਗਈ।
ਦੋਸ਼ੀਆਂ ਨੇ ਟਰੈਕਟਰ ਤੋਂ ਜ਼ਮੀਨ ਨੂੰ ਜੋਤ ਕੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਬੇਟੇ ਹਰਵਿੰਦਰ ਸਿੰਘ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਜਦੋਂ ਪੁਲਿਸ ਮੌਕੇ ’ਤੇ ਪਹੁੰਚੀ ਤਾਂ ਦੋਸ਼ੀਆਂ ਨੇ ਟਰੈਕਟਰ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ’ਤੇ ਉਸ ਦੇ ਪੁੱਤਰ ਹਰਵਿੰਦਰ ਸਿੰਘ ਨੇ ਦੋਸ਼ੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਹਰਵਿੰਦਰ ਸਿੰਘ ’ਤੇ ਟਰੈਕਟਰ ਚੜ੍ਹਾ ਦਿੱਤਾ। ਹਰਵਿੰਦਰ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਇਲਾਜ ਲਈ ਹਸਪਤਾਲ ਲਿਜਾਂਦੇ ਸਮੇਂ ਹੀ ਉਸ ਦੇ ਪੁੱਤਰ ਹਰਵਿੰਦਰ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਕਿਹਾ ਕਿ ਜਾਂਚ ਜਾਰੀ ਹੈ ਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।