Eight Corona cases came in : ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਫਿਰੋਜ਼ਪੁਰ ਤੇ ਮੁਕਤਸਰ ਜ਼ਿਲੇ ਵਿਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਥੇ ਫਿਰੋਜ਼ਪੁਰ ਤੋਂ 6 ਤੇ ਮੁਕਤਸਰ ਤੋਂ 2 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਜ਼ਿਕਰਯੋਗ ਹੈ ਕਿ ਜ਼ਿਲੇ ਵਿਚ ਹੁਣ ਤੱਕ ਕੋਰੋਨਾ ਦੇ 118 ਮਾਮਲੇ ਐਕਟਿਵ ਹਨ। ਦੱਸਣਯੋਗ ਹੈ ਕਿ ਹੁਣ ਤੱਕ 104 ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਉਥੇ ਹੀ ਹੁਣ ਤੱਕ ਫਿਰੋਜ਼ਪੁਰ ਵਿਚ ਕੋਰੋਨਾ ਨਾਲ ਜੰਗ ਲੜਦੇ ਹੋਏ ਚਾਰ ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਸਾਹਮਣੇ ਆਏ ਮਾਮਲਿਆਂ ਵਿਚੋਂ ਦੋ ਮਰੀਜ਼ ਫਿਰੋਜ਼ਪੁਰ ਸ਼ਹਿਰ, ਤਿੰਨ ਜ਼ੀਰਾ ਤੇ 3 ਫਿਰੋਜ਼ਪੁਰ ਕੈਂਟ ਨਾਲ ਸਬੰਧਤ ਹਨ। ਇਨ੍ਹਾਂ ਮਰੀਜ਼ਾਂ ਨੂੰ ਕੁਆਰੰਟਾਈਨ ਕਰਕੇ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਸੂਚੀ ਬਣਾਈ ਜਾ ਰਹੀ ਹੈ।
ਉਥੇ ਹੀ ਸ੍ਰੀ ਮੁਕਤਸਰ ਸਾਹਿਬ ਤੋਂ ਮਿਲੇ ਦੋ ਮਾਮਲਿਆਂ ਦੀ ਪੁਸ਼ਟੀ ਕਰਦੇ ਹੋਏ ਸਿਵਲ ਸਰਜਨ ਡਾ. ਹਰੀ ਨਾਰਾਇਣ ਸਿੰਘ ਨੇ ਦੱਸਿਆ ਕਿ ਗਿੱਦੜਬਾਹਾ ਤੋਂ ਇਕ 9 ਸਾਲਾ ਲੜਕੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਹ ਮਾਮਲਾ ਪਹਿਲਾਂ ਤੋਂ ਹੀ ਪਾਜ਼ੀਟਿਵ ਆਏ ਮਰੀਜ਼ ਦੇ ਸੰਪਰਕ ਵਾਲਾ ਹੈ, ਉਥੇ ਹੀ ਦਸਮੇਸ਼ ਕਾਲੋਨੀ ਮਲੋਟ ਤੋਂ ਇਕ 40 ਸਾਲਾ ਵਿਅਕਤੀ ਦੀ ਰਿਪੋਰਟ ਵਿਚ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਦੋਹਾਂ ਨੂੰ ਕੋਵਿਡ-19 ਹਸਪਤਾਲ ਵਿਖੇ ਆਈਸੋਲੇਟ ਕਰ ਦਿੱਤਾ ਗਿਆ ਹੈ। ਜ਼ਿਲ੍ਹੇ ਅੰਦਰ ਕੋਰੋਨਾ ਦੀ ਮੌਜੂਦਾ ਸਥਿਤੀ ਦੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਭੇਜੇ ਗਏ ਸੈਂਪਲਾਂ ਵਿੱਚੋਂ ਅੱਜ 266 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ 246 ਸੈਂਪਲਾਂ ਦੀ ਰਿਪੋਰਟ ਆਉਣੀ ਅਜੇਬਾਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਕੋਰੋਨਾ ਦਾ ਮਾਮਲਿਆਂ ਦੀ ਗਿਣਤੀ 172 ਹੈ, ਜਿੰਨ੍ਹਾਂ ਵਿੱਚੋਂ 145 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ 26 ਕੇਸ ਅਜੇ ਐਕਟਿਵ ਚੱਲ ਰਹੇ ਹਨ।
ਉਥੇ ਹੀ ਜ਼ਿਲ੍ਹੇ ਦੇ ਪਿੰਡ ਥੇਹੜੀ ਵਿਖੇ ਬਣੇ ਕੋਵਿਡ-19 ਸੈਂਟਰ ਵਿਖੇ ਦਾਖ਼ਲ ਕੋਰੋਨਾ ਮਰੀਜ਼ਾਂ ਵਿੱਚੋਂ ਅੱਜ ਦੋ ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦੇਣ ’ਤੇ ਹਸਪਤਾਲੋਂ ਛੁੱਟੀ ਦੇ ਕੇ ਘਰਾਂ ਲਈ ਰਵਾਨਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਮਰੀਜ਼ਾਂ ਨੂੰ ਹਸਪਤਾਲ ਸਟਾਫ਼ ਨੇ ਗੁਲਦਸਤੇ ਭੇਂਟ ਕਰਦਿਆਂ ਉਨ੍ਹਾਂ ਦੀ ਘਰ ਵਾਪਸੀ ਕਰਾਈ ਹੈ। ਦੋਹਾਂ ਮਰੀਜ਼ਾਂ ਨੇ ਇਲਾਜ ਲਈ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਹੈ।