ਤਰਨਤਾਰਨ : ਥਾਣਾ ਝਬਾਲ ਦੇ ਪਿੰਡ ਪਧਰੀ ਕਲਾਂ ਵਿਖੇ ਅੱਧੀ ਰਾਤ ਨੂੰ ਘਰ ਵਿੱਚ ਦਾਖਲ ਹੋ ਕੇ ਬਜ਼ੁਰਗ ਜੋੜੇ ਨੂੰ ਬੰਧਕ ਬਣਾ ਕੇ ਹਥਿਆਰਬੰਦ ਲੁਟੇਰਿਆਂ ਨੇ ਇੱਕ ਲਾਇਸੈਂਸ ਵਾਲੀ ਰਾਈਫਲ, ਕਾਰਤੂਸ, 20 ਤੋਲਾ ਸੋਨਾ, ਨਕਦੀ ਅਤੇ ਕਾਰ ਖੋਹ ਲਈ।
ਪੁਲਿਸ ਨੇ ਪੰਜ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਲਦੇਵ ਸਿੰਘ (46) ਨੇ ਦੱਸਿਆ ਕਿ ਉਹ ਆਪਣੀ ਪਤਨੀ ਗੁਰਨਾਮ ਕੌਰ ਨਾਲ ਰਾਤ ਦਾ ਖਾਣਾ ਖਾਣ ਤੋਂ ਬਾਅਦ ਘਰ ਦੇ ਵਿਹੜੇ ਵਿਚ ਸੌਂ ਗਿਆ ਸੀ। ਅੱਧੀ ਰਾਤ ਨੂੰ ਚਾਰ ਜਾਂ ਪੰਜ ਅਣਪਛਾਤੇ ਲੋਕ ਘਰ ਵਿਚ ਦਾਖਲ ਹੋਏ। ਜਦੋਂ ਲੁਟੇਰਿਆਂ ਨੇ ਬਲਦੇਵ ਸਿੰਘ ਦੀ ਮੰਜੀ ਕੋਲ ਪਈ 315 ਬੋਰ ਦੀ ਰਾਈਫਲ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਬਲਦੇਵ ਸਿੰਘ ਜਾਗ ਪਿਆ। ਜਦੋਂ ਉਸਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਬਲਦੇਵ ਸਿੰਘ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਪਤਨੀ ਸਮੇਤ ਕਮਰੇ ਵਿੱਚ ਬੰਦ ਕਰ ਦਿੱਤਾ।
ਲੁਟੇਰਿਆਂ ਨੇ 315 ਬੋਰ ਦੀ ਰਾਈਫਲ, 23 ਕਾਰਤੂਸ, 2.23 ਲੱਖ ਰੁਪਏ ਦੀ ਨਕਦੀ, 20 ਤੋਲੇ ਸੋਨੇ ਦੇ ਗਹਿਣੇ ਅਤੇ ਸਵਿੱਫਟ ਡਿਜ਼ਾਇਰ ਕਾਰ ਨੰਬਰ (ਪੀਬੀ 02 ਡੀਬੀ 5999) ਲੈ ਕੇ ਫਰਾਰ ਹੋ ਗਏ। ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਏਐਸਆਈ ਬਖਸ਼ੀਸ਼ ਸਿੰਘ ਨੇ ਮੌਕੇ ’ਤੇ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ‘ਚ ਸਰਪੰਚ ‘ਤੇ ਲਗਾਏ ਗੰਭੀਰ ਦੋਸ਼