Elderly woman reached at Delhi border : ਨਵੀਂ ਦਿੱਲੀ : ਕਿਸਾਨ ਅੰਦੋਲਨ ਅੱਜ 53ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਾ ਹੈ। ਦਿੱਲੀ-ਐੱਨਸੀਆਰ ਦੇ ਕਈ ਬਾਰਡਰ ‘ਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਇਸ ਦੌਰਾਨ ਕੜਾਕੇ ਦੀ ਠੰਡ ਵਿੱਚ ਕਈ ਕਿਸਾਨਾਂ ਦੀ ਜਾਨ ਵੀ ਜਾ ਰਹੀ ਹੈ ਪਰ ਫਿਰ ਵੀ ਉਨ੍ਹਾਂ ਨੇ ਆਪਣਾ ਸੰਘਰਸ਼ ਜਾਰੀ ਰੱਖਿਆ ਹੋਇਆ ਹੈ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਆਪਣੇ ਜੀਅ ਨੂੰ ਗੁਆਉਣ ਤੋਂ ਬਾਅਦ ਵੀ ਸੰਘਰਸ਼ ਵਿੱਚ ਡਟੇ ਹੋਏ ਹਨ। ਅਜਿਹਾ ਹੀ ਇੱਕ ਚਿਹਰਾ ਦਿੱਲੀ ਦੀ ਸਰਹੱਦ ’ਤੇ ਨਜ਼ਰ ਆਇਆ, ਜਿਥੇ ਇੱਕ 80 ਸਾਲਾ ਬੇਬੇ ਖੇਤੀ ਕਾਨੂੰਨਾਂ ਦੇ ਵਿਰੋਧ ਲਈ ਪਹੁੰਚੀ, ਜਿਸ ਦਾ ਪਤੀ ਵੀ ਪਿਛਲੇ ਦਿਨੀਂ ਹੀ ਇਸ ਅੰਦੋਲਨ ਦੀ ਭੇਟ ਚੜਿਆ ਸੀ।
ਫਤਿਹਗੜ੍ਹ ਸਾਹਿਬ ਦੇ ਪਿੰਡ ਸੋਹਾਗ ਹੀਰੀ ਦੀ ਰਹਿਣ ਵਾਲੀ ਜਸਪਾਲ ਕੌਰ ਭਰੀਆਂ ਅੱਖਾਂ ਨਾਲ ਦੱਸਿਆ ਕਿ ਉਸਦਾ ਪਤੀ ਹਰਫੂਲ ਸਿੰਘ 26 ਨਵੰਬਰ ਨੂੰ ‘ਦਿੱਲੀ ਚਲੋ ਅੰਦੋਲਨ’ ਦੇ ਪਹਿਲੇ ਦਿਨ ਤੋਂ ਹੀ ਦਿੱਲੀ ਸਰਹੱਦ ‘ਤੇ ਅੰਦੋਲਨ ਵਿਚ ਸ਼ਾਮਲ ਹੋਇਆ ਸੀ। ਠੰਡ ਦੇ ਮੌਸਮ ਵਿਚ ਸੜਕਾਂ ‘ਤੇ ਰਹਿਣ ਦੇ ਕੁਝ ਦਿਨ ਬਾਅਦ ਹਰਫੂਲ ਸਿੰਘ ਬੀਮਾਰ ਹੋ ਗਿਆ ਅਤੇ ਆਪਣੇ ਪਿੰਡ ਵਾਪਸ ਚਲਾ ਗਿਆ, ਜਿਥੇ 24 ਦਸੰਬਰ ਨੂੰ ਦੋ ਦਿਨਾਂ ਬਾਅਦ ਉਸਦਾ ਦਿਹਾਂਤ ਹੋ ਗਿਆ। ਉਸ ਨੇ ਕਿਹਾ ਕਿ “ਪਿੰਡ ਵਿਚ ਪਤੀ ਦੇ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਮੈਂ ਲਟਕ ਰਹੀ ਲੜਾਈ ਨੂੰ ਖਤਮ ਕਰਨ ਲਈ ਅੰਦੋਲਨ ਵਾਲੀ ਥਾਂ ‘ਤੇ ਆਈ, ਜਿਸ ਨੂੰ ਮੇਰੇ ਪਤੀ ਨੇ ਸਾਡੇ ਬੱਚਿਆਂ ਦਾ ਭਵਿੱਖ ਬਚਾਉਣ ਲਈ ਸ਼ੁਰੂ ਕੀਤਾ ਸੀ। ਹੁਣ, ਮੈਂ ਇਥੋਂ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਘਰ ਜਾਵਾਂਗੀ। ਡਾਕਟਰਾਂ ਨੇ ਮੈਨੂੰ ਘਰ ਵਿਚ ਆਰਾਮ ਕਰਨ ਦੀ ਸਲਾਹ ਦਿੱਤੀ ਸੀ ਪਰ ਇਸ ਦੇ ਬਾਵਜੂਦ ਮੈਂ ਆਪਣੇ ਪਤੀ ਦੇ ਰਾਹ ‘ਤੇ ਚੱਲਣਾ ਜਾਰੀ ਰੱਖਿਆ ਹੈ।
ਜਸਪਾਲ ਕੌਰ ਹੁਣ ਦੂਜੀਆਂ ਔਰਤਾਂ ਨਾਲ ਲੰਗਰ ਲਈ ਖਾਣਾ ਪਕਾਉਣ ਅਤੇ ਰੋਟੀਆਂ ਬਣਾਉਂਦੀ ਨਜ਼ਰ ਆ ਰਹੀ ਹੈ। ਉਹ ਇਸ ਸਮੇਂ ਆਪਣੇ ਘਰ ਗਰਮ ਕੰਬਲ ਵਿਚ ਸੌਂ ਸਕਦੀ ਸੀ ਪਰ ਉਸਨੇ ਫੈਸਲਾ ਲਿਆ ਕਿ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਵੇਗੀ। ਉਹ ਦਿਨ ਭਰ ਆਪਣੇ ਆਪ ਨੂੰ ‘ਸੇਵਾ’ ਵਿਚ ਰੁੱਝੀ ਰਹਿੰਦੀ ਹੈ ਅਤੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਦੁੱਖ ਦਾ ਭਾਰ ਵੀ ਚੁੱਕਦੀ ਹੈ।