Election Commission has reduced : ਚੰਡੀਗੜ੍ਹ : ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣਾਂ ਦੌਰਾਨ ਸਟਾਰ ਪ੍ਰਚਾਰਕਾਂ ਦੀਆਂ ਫੇਰੀਆਂ ਸੰਬੰਧੀ ਸੋਧੇ ਨਿਯਮ ਜਾਰੀ ਕੀਤੇ ਗਏ ਹਨ, ਜਿਸ ਮੁਤਾਬਕ ਰਾਸ਼ਟਰੀ/ਸੂਬਾਈ ਰਾਜਨੀਤਕ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ਦੀ ਗਿਣਤੀ ਘਟਾ ਦਿੱਤੀ ਗਈ ਹੈ। ਇਹ ਫੈਸਲਾ ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਲਿਆ ਗਿਆ ਹੈ। ਪਹਿਲਾਂ ਜਿਥੇ ਰਾਸ਼ਟਰੀ /ਸੂਬਾਈ ਸਿਆਸੀ ਪਾਰਟੀਆਂ ਲਈ 40 ਸਟਾਰ ਪ੍ਰਚਾਰਕ ਪ੍ਰਚਾਰ ਕਰ ਸਕਦੇ ਸਨ, ਉਥੇ ਹੀ ਹੁਣ ਮਹਾਮਾਰੀ ਦੇ ਚੱਲਦਿਆਂ ਇਹ ਗਿਣਤੀ ਘਟਾ ਕੇ 30 ਕਰ ਦਿੱਤੀ ਗਈ ਹੈ। ਗੈਰ-ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਲਈ ਇਹ ਗਿਣਤੀ 20 ਦੀ ਥਾਂ 15 ਕਰ ਦਿੱਤੀ ਗਈ ਹੈ।
ਕਮਿਸ਼ਨ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਮਾਂ ਕਰਵਾਉਣ ਦੀ ਮਿਆਦ ਵਿੱਚ ਵੀ ਸੋਧ ਕੀਤੀ ਹੈ। ਹੁਣ ਨੋਟੀਫੀਕੇਸ਼ਨ ਵਾਲੀ ਮਿਤੀ ਤੋਂ 7-10 ਦਿਨਾਂ ਦੇ ਅੰਦਰ ਇਹ ਸੂਚੀ ਜਮਾਂ ਕਰਵਾਉਣੀ ਹੋਵੇਗੀ। ਜਿਨਾਂ ਰਾਜਨੀਤਕ ਪਾਰਟੀਆਂ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਪਹਿਲਾਂ ਹੀ ਜਮਾਂ ਕਰਵਾ ਦਿੱਤੀ ਹੈ ਉਹ ਨਿਰਧਾਰਤ ਸਮੇਂ ਦੇ ਅੰਦਰ ਅੰਦਰ ਸੋਧੀ ਹੋਈ ਸੂਚੀ ਮੁੜ ਜਮਾਂ ਕਰਵਾ ਸਕਦੇ ਹਨ। ਸਟਾਰ ਪ੍ਰਚਾਰਕਾਂ ਵਲੋਂ ਕੀਤੇ ਜਾਣ ਵਾਲੇ ਪ੍ਰਚਾਰ ਦੀ ਮਨਜ਼ੂਰੀ ਸਬੰਧੀ ਬੇਨਤੀਆਂ ਪ੍ਰਚਾਰ ਸ਼ੁਰੂ ਹੋਣ ਤੋਂ ਘੱਟੋ-ਘੱਟ 48 ਘੰਟੇ ਪਹਿਲਾਂ ਜ਼ਿਲਾ ਚੋਣ ਅਥਾਰਟੀਆਂ ਕੋਲ ਜਮਾਂ ਕਰਵਾਉਣੀਆਂ ਹੋਣਗੀਆਂ ਤਾਂ ਜੋ ਸਿਹਤ ਸੁਰੱਖਿਆ ਸਬੰਧੀ ਲੋੜੀਂਦੇ ਸਾਰੇ ਸੁਰੱਖਿਆ ਉਪਾਅ ਸਮੇਂ ਸਿਰ ਅਮਲ ਵਿੱਚ ਲਿਆਂਦੇ ਜਾ ਸਕਣ। ਅਜਿਹੇ ਪ੍ਰਚਾਰਕਾਂ ਵੱਲੋਂ ਚੋਣ ਪ੍ਰਚਾਰ ਕਰਨ ’ਤੇ ਕੀਤੇ ਖਰਚੇ ਨੂੰ ਕਿਸੇ ਵੀ ਉਮੀਦਵਾਰ ਦੇ ਚੋਣ ਖਰਚੇ ਵਿੱਚ ਸ਼ਾਮਲ ਕਰਨ ਤੋਂ ਛੋਟ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਪੋਲਿੰਗ ਦੀ ਤਿਆਰੀ ਦਾ ਜਾਇਜ਼ਾ ਲੈਣ ਚੋਣ ਕਮਿਸ਼ਨ ਦਾ ਇੱਕ ਵਫਦ ਬਿਹਾਰ ਵਿੱਚ ਗਿਆ ਸੀ, ਜਿਥੇ ਉਸ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਸਟਾਰ ਪ੍ਰਚਾਰਕਾਂ ਦੀ ਫੇਰੀ ਦੌਰਾਨ ਵੱਡੇ ਇਕੱਠ ਹੋ ਰਹੇ ਹਨ, ਜੋਕਿ ਇਸ ਸਮੇਂ ਚੱਲ ਰਹੀ ਕੋਰੋਨਾ ਮਹਾਮਾਰੀ ਦੌਰਾਨ ਹਾਲਾਤਾਂ ਨੂੰ ਹੋਰ ਵੀ ਵਿਗਾੜ ਸਕਦੇ ਹਨ। ਇਸੇ ਦੇ ਮੱਦੇਨਜ਼ਰ ਰਾਜਨੀਤਿਕ ਪਾਰਟੀਆਂ ਦੀਆਂ ਚੋਣ ਮੁਹਿੰਮ ਸਬੰਧੀ ਜ਼ਰੂਰਤਾਂ ਵਿਚਕਾਰ ਸੰਤੁਲਨ ਬਣਾਈ ਰੱਖਣ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਨਿਯਮਾਂ ਵਿੱਚ ਸੋਧ ਕਰਨ ਦਾ ਫੈਸਲਾ ਕੀਤਾ।