ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਉਦਯੋਗਾਂ ਨੂੰ ਵੱਡਾ ਝਟਕਾ ਦਿੱਤਾ ਹੈ। ਪੰਜਾਬ ਵਿਚ ਅੱਜ ਤੋਂ ਉਦਯੋਗਾਂ ਦੀ ਬਿਜਲੀ ਮਹਿੰਗੀ ਹੋ ਜਾਵੇਗੀ। ਸਰਕਾਰ ਦੇ ਹੁਕਮਾਂ ‘ਤੇ ਪਾਵਰਕੌਮ ਨੇ ਉਦਯੋਗਿਕ ਯੂਨਿਟਾਂ ਦੇ ਪ੍ਰਤੀ ਯੂਨਿਟ ਰੇਟ ਵਿੱਚ 50 ਪੈਸੇ ਦਾ ਵਾਧਾ ਕੀਤਾ ਹੈ। ਪਹਿਲਾਂ ਉਦਯੋਗ ਨੂੰ ਸਬਸਿਡੀ ‘ਤੇ 5 ਰੁਪਏ ਪ੍ਰਤੀ ਯੂਨਿਟ ਦੇਣੇ ਪੈਂਦੇ ਸਨ। ਪਰ ਹੁਣ 5.50 ਰੁਪਏ ਦੇਣੇ ਪੈਣਗੇ।
ਇਸ ਵਾਰ ਅੰਮ੍ਰਿਤਸਰ ਅਤੇ ਲੁਧਿਆਣਾ ਦੀਆਂ ਕੁਝ ਸਨਅਤੀ ਇਕਾਈਆਂ ਨੇ ਆਪਣੇ ਬਿੱਲਾਂ ਵਿੱਚ ਹੋਰ ਪੈਸੇ ਜੋੜ ਦਿੱਤੇ ਹਨ। ਇਸ ਕਾਰਨ ਉਦਯੋਗਿਕ ਇਕਾਈਆਂ ਦੇ ਮਾਲਕਾਂ ਵਿੱਚ ਰੋਸ ਹੈ। ਜਲਦੀ ਹੀ ਉਨ੍ਹਾਂ ਦਾ ਵਫ਼ਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਿਜਲੀ ਮੰਤਰੀ ਨੂੰ ਮਿਲ ਕੇ ਇਸ ਮੁੱਦੇ ‘ਤੇ ਆਪਣੇ ਵਿਚਾਰ ਪੇਸ਼ ਕਰੇਗਾ। ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਜਸਵਿੰਦਰ ਸਿੰਘ, ਜਸਪਾਲ ਸਿੰਘ ਅਤੇ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਕੀਤੇ ਵਾਧੇ ਤਹਿਤ ਹੁਣ ਉਦਯੋਗਾਂ ਨੂੰ ਬਿਜਲੀ ਡਿਊਟੀ, IFD ਆਦਿ ਸਮੇਤ ਪੰਜ ਰੁਪਏ ਪੰਜਾਹ ਪੈਸੇ ਪ੍ਰਤੀ ਯੂਨਿਟ ਦੇਣੇ ਪੈਣਗੇ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਪਹਿਲਾਂ ਨੋਟੀਫਿਕੇਸ਼ਨ ਜਾਰੀ ਕਰਕੇ ਦੱਸਣਾ ਚਾਹੀਦਾ ਸੀ। ਇਸ ਦੇ ਨਾਲ ਹੀ ਕਿਹਾ ਕਿ ਪੰਜਾਬ ਦੀ ਇੰਡਸਟਰੀ ਪਹਿਲਾਂ ਹੀ ਘਾਟੇ ਵਿੱਚ ਚੱਲ ਰਹੀ ਹੈ। ਇੰਡਸਟਰੀ ਖੁਦ ਬਿਜਲੀ ਦਾ ਭੁਗਤਾਨ ਕਰ ਰਹੀ ਹੈ। ਹੋਰ ਵਰਗਾਂ ਦੀ ਮੁਫਤ ਬਿਜਲੀ ਦਾ ਬੋਝ ਹੁਣ ਸਨਅਤਾਂ ’ਤੇ ਪਾਇਆ ਜਾ ਰਿਹਾ ਹੈ। ਇਹ ਬਿਲਕੁਲ ਗਲਤ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ‘ਚ ਕੱਲ ਤੋਂ ਸਵੇਰੇ 7:30 ਵਜੇ ਖੁੱਲ੍ਹਣਗੇ ਦਫ਼ਤਰ, 15 ਜੁਲਾਈ ਤੱਕ ਲਾਗੂ ਰਹੇਗਾ ਇਹ ਸਮਾਂ
ਦੱਸ ਦੇਈਏ ਕਿ ਬਿਜਲੀ ਦਰਾਂ ਦੇ ਵਧਣ ਨਾਲ ਸੂਬੇ ਦੇ ਕਰੀਬ ਡੇਢ ਲੱਖ ਉਦਯੋਗ ਪ੍ਰਭਾਵਿਤ ਹੋਣਗੇ। ਸਰਕਾਰ ਨੇ ਚਾਲੂ ਵਿੱਤੀ ਸਾਲ ਦੌਰਾਨ ਇਨ੍ਹਾਂ ਉਦਯੋਗਾਂ ਨੂੰ 2669 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਹੈ। ਇਸ ਵਿੱਚ ਛੋਟੇ ਉਦਯੋਗਾਂ ਨੂੰ 189 ਕਰੋੜ, ਮੱਧਮ ਉਦਯੋਗਾਂ ਨੂੰ 289 ਕਰੋੜ ਅਤੇ ਵੱਡੇ ਉਦਯੋਗਾਂ ਨੂੰ 2191 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: