ਟਵਿੱਟਰ ਦੇ ਨਵੇਂ ਮਾਲਕ ਐਲਨ ਮਸਕ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਹੈ। ਨਵਾਂ ਮਾਮਲਾ ਐਲਨ ਮਸਕ ਦੇ ਕੁਝ ਪੱਤਰਕਾਰਾਂ ਨਾਲ ਨਾਰਾਜ਼ ਹੋਣ ਨਾਲ ਜੁੜਿਆ ਹੈ, ਜਿਥੇ ਪੱਤਰਕਾਰਾਂ ਦੇ ਟਵਿੱਟਰ ਅਕਾਊਂਟ ਸਸਪੈਂਡ ਕਰ ਦਿੱਤੇ ਗਏ ਸਨ, ਜਿਸ ਤੋਂ ਬਾਅਦ ਕੰਪਨੀ ਨੂੰ ਆਪਣੀ ਲਾਈਵ ਆਡੀਓ ਸੇਵਾ ਟਵਿਟਰ ਸਪੇਸ ਡਾਊਨ ਨੂੰ ਬੰਦ ਕਰਨਾ ਪਿਆ। ਹੁਣ ਇਸ ਨੂੰ ਮੁੜ ਸ਼ੁਰੂ ਕਰਨ ਦੀ ਸਮਾਂ ਸੀਮਾ ਵੀ ਦਿੱਤੀ ਗਈ ਹੈ।
ਦਰਅਸਲ ਐਲਨ ਮਸਕ ਨੇ ਆਪਣੇ ਪ੍ਰਾਈਵੇਟ ਜੈੱਟ ਦੀ ਲੋਕੇਸ਼ਨ ਸ਼ੇਅਰ ਕਰਨ ਕਰਕੇ ਅਮਰੀਕਾ ਦੇ ਕੁਝ ਨਾਮੀ ਅਖਬਾਰਾਂ ਦੇ ਰਿਪੋਰਟਰਾਂ ਦੇ ਅਕਾਊਂਟ 7 ਦਿਨਾਂ ਲਈ ਸਸਪੈਂਡ ਕਰਵਾ ਦਿੱਤੇ ਸਨ, ਇਸ ਨੂੰ ਉਨ੍ਹਾਂ ਨੇ ਆਪਣੀ ਸੁਰੱਖਿਆ ਲਈ ਖ਼ਤਰਾ ਦੱਸਿਆ ਸੀ।
ਇਨ੍ਹਾਂ ਪੱਤਰਕਾਰਾਂ ਦੇ ਅਕਾਊਂਟਸ ਨੂੰ ਸਸਪੈਂਡ ਹੋਣ ਤੋਂ ਬਾਅਦ ਵੀ ਕੁਝ ਰਿਪੋਰਟਰਾਂ ਨੇ ਵੇਖਿਆ ਕਿ ਉਹ ਅਜੇ ਵੀ ਟਵਿੱਟਰ ਸਪੇਸ ਦਾ ਇਸਤੇਮਾਲ ਕਰ ਸਕਦੇ ਹਨ। ਇਸ ਦੀ ਜਾਣਕਾਰੀ ਜਦੋਂ ਟਵਿੱਟਰ ਨੂੰ ਲੱਗੀ ਤਾਂ ਉਸ ਨੇ ਇਸ ਸਰਵਿਸ ਨੂੰ ਬੰਦ ਕਰ ਦਿੱਤਾ। ਇਸ ਕਰਕੇ ਕੰਪਨੀ ਦੇ ਕਰੋੜਾ ਯੂਜ਼ਰਸ ਇਸ ਸਰਵਿਸ ਦੀ ਵਰਤੋਂ ਨਹੀਂ ਕਰ ਸਕੇ।
ਰਿਪੋਰਟ ਮੁਤਾਬਕ ਟਵਿੱਟਰ ਸਪੇਸ ਦੇ ਜਿਸ ਸੈਸ਼ਨ ਵਿੱਚ ਸਸਪੈਂਡ ਅਕਾਊਂਟਸ ਵਾਲੇ ਪੱਤਰਕਾਰ ਆਪਣੇ ਵਿਰੁੱਧ ਕੀਤੀ ਗਈ ਕਾਰਵਾਈ ਦੀ ਸ਼ਿਕਾਇਤ ਕਰ ਰਹੇ ਸਨ, ਐਲਨ ਮਸਕ ਖੁਦ ਉਸ ਕਾਲ ਵਿੱਚ ਸ਼ਾਮਲ ਹੋਏ। ਉਨ੍ਹਾਂ ਫਿਰ ਕਿਹਾ ਕਿ ਕਿਸੇ ਹੋਰ ਵਿਅਕਤੀ ਦੇ ਸਥਾਨ ਦੀ ਜਾਣਕਾਰੀ ਸਾਂਝੀ ਕਰਨ ਵਾਲੇ ਅਕਾਊਂਟਸ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਇੱਕ ਸੂਬਾ ਛੱਡ ਉੱਤਰ ਭਾਰਤ ਦੇ ਕਿਸੇ ਵੀ ਰਾਜ ‘ਚ ਜ਼ਮੀਨ ਖ਼ਰੀਦ ਸਕਦੈ ਪੰਜਾਬ ਦਾ ਕਿਸਾਨ
ਪੱਤਰਕਾਰਾਂ ਨੇ ਇਹ ਕਹਿ ਕੇ ਇਸ ਦਾ ਬਚਾਅ ਕੀਤਾ ਕਿ ਉਨ੍ਹਾਂ ਨੇ ਫਲਾਈਟ ਦਾ ਕੋਈ ਰੀਅਲ ਟਾਈਮ ਡਾਟਾ ਸਾਂਝਾ ਨਹੀਂ ਕੀਤਾ ਸੀ। ਹਾਲਾਂਕਿ ਇਸ ਤੋਂ ਬਾਅਦ ਐਲਨ ਮਸਕ ਨੇ ਕਾਲ ਕੱਟ ਦਿੱਤੀ ਪਰ ਪੀਕ ਟਾਈਮ ‘ਚ ਇਸ ਗੱਲਬਾਤ ਨੂੰ ਕਰੀਬ 40,000 ਲੋਕਾਂ ਨੇ ਸੁਣਿਆ।
ਹਾਲਾਂਕਿ, ਇਸ ਸਾਰੇ ਘਟਨਾਕ੍ਰਮ ਵਿਚਾਲੇ ਐਲਨ ਮਸਕ ਨੇ ਵੀਰਵਾਰ ਦੇਰ ਰਾਤ ਇੱਕ ਟਵੀਟ ਵਿੱਚ ਜਾਣਕਾਰੀ ਦਿੱਤੀ ਕਿ ਕੰਪਨੀ ਟਵਿੱਟਰ ਸਪੇਸ ਨਾਲ ਜੁੜੇ ਇੱਕ ਪੁਰਾਣੇ ਬੱਗ ਨੂੰ ਠੀਕ ਕਰ ਰਹੀ ਹੈ। ਯੂਜ਼ਰਸ ਸ਼ੁੱਕਰਵਾਰ ਤੋਂ ਇਸ ਸੇਵਾ ਦੀ ਵਰਤੋਂ ਕਰ ਸਕਣਗੇ।
ਵੀਡੀਓ ਲਈ ਕਲਿੱਕ ਕਰੋ -: