ਟੇਸਲਾ ਦੇ ਸੀਈਓ ਐਲਨ ਮਸਕ ਇਨ੍ਹੀ ਦਿਨੀਂ ਕਾਫ਼ੀ ਚਰਚਾ ਵਿੱਚ ਹਨ। ਹਾਲ ਵਿੱਚ ਐਲਨ ਮਸਕ ਨੇ ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਕੰਪਨੀਆਂ ਵਿੱਚੋਂ ਇੱਕ ਟਵਿੱਟਰ ਨੂੰ ਖਰੀਦਿਆ ਹੈ। ਉੱਥੇ ਹੀ ਹੁਣ ਐਲਨ ਮਸਕ ਨੇ ਇੱਕ ਨਵਾਂ ਟਵੀਟ ਕਰ ਕੇ ਕੋਕਾ-ਕੋਲਾ ਖਰੀਦਣ ਦੀ ਗੱਲ ਕੀਤੀ ਹੈ ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਵੀਰਵਾਰ ਨੂੰ ਐਲਨ ਮਸਕ ਨੇ ਟਵੀਟ ਕਰਦਿਆਂ ਲਿਖਿਆ,” ਮੈਂ ਹੁਣ ਕੋਕਾ-ਕੋਲਾ ਖਰੀਦਾਂਗਾ ਤਾਂ ਕਿ ਇਸ ਵਿੱਚ ਕੋਕੀਨ ਨੂੰ ਦੁਬਾਰਾ ਮਿਲਾ ਸਕਾਂ।” ਉਨ੍ਹਾਂ ਦੇ ਇਸ ਟਵੀਟ ਨੂੰ ਹੁਣ ਤੱਕ ਲੱਖਾਂ ਲੋਕ ਲਾਈਕ ਤੇ ਰੀਟਵੀਟ ਕਰ ਚੁੱਕੇ ਹਨ। ਇਸ ਟਵੀਟ ਤੋਂ ਥੋੜ੍ਹੀ ਦੇਰ ਬਾਅਦ ਮਸਕ ਨੇ ਇੱਕ ਹੋਰ ਟਵੀਟ ਕੀਤਾ। ਉਨ੍ਹਾਂ ਕਿਹਾ ਕਿ ਟਵਿੱਟਰ ਨੂੰ ਹੋਰ ਸ਼ਾਨਦਾਰ ਜਗ੍ਹਾ ਬਣਾਉਣਾ ਹੈ ।
ਦੱਸ ਦੇਈਏ ਕਿ ਐਲਨ ਮਸਕ ਨੇ ਮਾਈਕ੍ਰੋ-ਬਲੌਗਿੰਗ ਸਾਈਟ ਟਵਿੱਟਰ ਨੂੰ ਖਰੀਦਣ ਲਈ 44 ਅਰਬ ਡਾਲਰ ਯਾਨੀ 3,368 ਅਰਬ ਰੁਪਏ ਦਾ ਸੌਦਾ ਕੀਤਾ ਹੈ । ਟਵਿੱਟਰ ਦੇ ਹਰ ਸ਼ੇਅਰ ਲਈ $54.20 (4,148 ਰੁਪਏ) ਦਾ ਭੁਗਤਾਨ ਕੀਤਾ ਹੈ । ਟਵਿੱਟਰ ਵਿੱਚ ਉਸਦੀ ਪਹਿਲਾਂ ਹੀ 9% ਹਿੱਸੇਦਾਰੀ ਸੀ। ਉਹ ਟਵਿੱਟਰ ਦਾ ਸਭ ਤੋਂ ਵੱਡਾ ਸ਼ੇਅਰਧਾਰਕ ਸੀ। ਇਸ ਸੌਦੇ ਤੋਂ ਬਾਅਦ ਕੰਪਨੀ ਵਿੱਚ ਉਸ ਦੀ 100 ਫ਼ੀਸਦੀ ਹਿੱਸੇਦਾਰੀ ਹੈ ਤੇ ਟਵਿੱਟਰ ਉਸ ਦੀ ਪ੍ਰਾਈਵੇਟ ਕੰਪਨੀ ਬਣ ਗਈ ਹੈ।
ਗੌਰਤਲਬ ਹੈ ਕਿ ਐਲਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇੱਕ ਹੈ। ਟਵਿੱਟਰ ਤੋਂ ਇਲਾਵਾ ਐਲਨ ਮਸਕ ਸਪੇਸ ਐਕਸ ਦੇ ਸੰਸਥਾਪਕ ਵੀ ਹਨ। ਟਾਈਮ ਮੈਗਜ਼ੀਨ ਨੇ ਉਸਨੂੰ 2021 ਵਿੱਚ ਪਰਸਨ ਆਫ ਦਿ ਈਅਰ ਦਾ ਨਾਮ ਦਿੱਤਾ ਸੀ । ਐਲਨ ਮਸਕ ਕੋਲ ਲਗਭਗ 20.68 ਲੱਖ ਕਰੋੜ ਰੁਪਏ ਦੀ ਜਾਇਦਾਦ ਹੈ।
ਵੀਡੀਓ ਲਈ ਕਲਿੱਕ ਕਰੋ -: