Employees protest against central : ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਨੇ ਪਟਿਆਲਾ ਸ਼ਹਿਰ ਦੇ ਜਿਲ੍ਹਾ ਸਿੱਖਿਆ ਦਫਤਰ ਅਤੇ ਦੇਵੀਗੜ੍ਹ ਦੇ ਨਹਿਰੀ ਵਿਸ਼ਰਾਮ ਘਰ ਵਿਖੇ ਦੇਸ਼ ਵਿਆਪੀ ‘ਰੋਸ ਦਿਵਸ’ ਮੌਕੇ ਲਾਲ ਝੰਡੇ ਲੈ ਕੇ ਕੇਂਦਰੀ ਤੇ ਸੂਬਾ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ ਕੀਤੇ। ਮੁਲਾਜਮਾਂ ਨੇ ਸੂਬਾਈ ਆਗੂਆਂ ਦਵਿੰਦਰ ਸਿੰਘ ਪੂਨੀਆ, ਵਿਕਰਮ ਦੇਵ ਸਿੰਘ, ਹਰਦੀਪ ਟੋਡਰਪੁਰ ਅਤੇ ਪ੍ਰਵੀਨ ਜੋਗੀਪੁਰ ਦੀ ਸਾਂਝੀ ਅਗਵਾਈ ਵਿੱਚ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਡੀ.ਐਮ.ਐਫ ਆਗੂ ਅਮਨਦੀਪ ਸਿੰਘ ਦੇਵੀਗੜ੍ਹ, ਰਜਿੰਦਰ ਸਮਾਣਾ ਅਤੇ ਮਿਡ ਡੇ ਮੀਲ ਵਰਕਰ ਯੂਨੀਅਨ ਦੀ ਆਗੂ ਪਿੰਕੀ ਰਾਣੀ ਨੇ ਕਿਹਾ ਕਿ ‘ਕੋਰੋਨਾ ਸੰਕਟ’ ਦੀ ਆੜ ਹੇਠ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦੇ ਜਨਤਕ ਅਦਾਰਿਆਂ ਨੂੰ ਸਰਮਾਏੇਦਾਰਾਂ ਕੋਲ ਕੌਡੀਆਂ ਦੇ ਭਾਅ ਵੇਚ ਕੇ ਨਿੱਜੀਕਰਨ ਦਾ ਪਸਾਰਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੇਂਦਰੀ ਮੁਲਾਜ਼ਮਾਂ ਦਾ ਜੂਨ 2021 ਤੱਕ ਦਾ ਡੀ.ਏੇ. ਜਾਮ ਕਰਨ, ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਕਰਕੇ ਸਰਮਾਏੇਦਾਰਾਂ ਦੀ ਲੁੱਟ ਹੋਰ ਵਧਾਉਣ ਅਤੇ ਮਜ਼ਦੂਰਾਂ ਦੇ ਕੰਮ ਕਰਨ ਦਾ ਸਮਾਂ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਵਰਗੇ ਮੁਲਾਜ਼ਮ ਤੇ ਮਜਦੂਰ ਵਿਰੋਧੀ ਫੈਸਲੇ ਲਏ ਜਾ ਰਹੇ ਹਨ। ਅਧਿਆਪਕ ਆਗੂਆਂ ਪਰਮਵੀਰ ਸਿੰਘ, ਸੁਖਵੀਰ ਸਿੰਘ ਅਤੇ ਕਪੂਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ ਮਾਂ ਦਾ ਮਹਿੰਗਾਈ ਭੱਤਾ ਜਨਵਰੀ 2018 ਤੋਂ ਜਾਮ ਕਰਨ ਅਤੇ 148 ਮਹੀਨੇ ਦਾ ਬਕਾਇਆ ਦੱਬਣ, ਹਜ਼ਾਰਾਂ ਕੱਚੇ ਮੁਲਾਜ਼ਮਾਂ ਸਮੇਤ ਵਲੰਟੀਅਰ ਅਧਿਆਪਕਾਂ ਨੂੰ ਪੱਕੇ ਨਾ ਕਰਨ, ਮਿਡ ਡੇ ਮੀਲ ਅਤੇ ਆਸ਼ਾ ਵਰਕਰਾਂ ਕੋਲੋਂ ਨਿਗੂਣੇ ਭੱਤਿਆਂ ‘ਤੇ ਕੰਮ ਕਰਵਾਉਣ ਦੀ ਸ਼ਖਤ ਨਿਖੇਧੀ ਕੀਤੀ। ਮੁਲਾਜ਼ਮਾਂ ਵਲੋਂ ਆਰ.ਐਸ.ਐਸ/ਭਾਜਪਾ ਵੱਲੋਂ ਕੋਰੋਨਾ ਵਰਗੀ ਮਹਾਂਮਾਰੀ ਦੇ ਦੌਰ ਵਿੱਚ ਵੀ ਸਮਾਜ ਨੂੰ ਫ਼ਿਰਕੂ ਅਧਾਰ ‘ਤੇ ਵੰਡਣ ਦਾ ਸਿਲਸਿਲਾ ਲਗਾਤਾਰ ਤੇਜ਼ ਕਰਨ ਅਤੇ ਸਰਕਾਰੀ ਅਦਾਰੇ ਧੜਾ ਧੜ ਵੇਚਣ ਖਿਲਾਫ ਵੀ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਮੁਲਾਜ਼ਮਾਂ ਵਲੋਂ ਸੂਬਾ ਸਰਕਾਰ ਤੋਂ ਆਪਣੀਆਂ ਮੰਗਾਂ ਨੂੰ ਨੇਪਰੇ ਚਾੜ੍ਹਨ ਲਈ ਰੋਸ ਵਿਖਾਵਾ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅੱਗੇ ਵੀ ਮੁਲਾਜ਼ਮਾਂ ਵਲੋਂ ਰੋਸ ਵਿਖਾਵੇ ਕੀਤੇ ਜਾਂਦੇ ਰਹਿਣਗੇ।