Employees stage protest : ਬਰਨਾਲਾ ਵਿੱਚ ਕਿਸਾਨਾਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦੌਰਾਨ ਹਰ ਵਰਗ ਵੱਲੋਂ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਪੰਜਾਬ ਤੇ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਮੁਲਾਜ਼ਮਾਂ ਵੱਲੋਂ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਇਸ ਸੰਘਰਸ਼ ਦੀ ਪੂਰੀ ਹਿਮਾਇਤ ਕੀਤੀ।
ਕਿਸਾਨਾਂ ਵੱਲੋਂ ’ਪੰਜਾਬ ਬੰਦ’ ਦੇ ਸੱਦੇ ਅਤੇ ਉਨ੍ਹਾਂ ਦੇ ਇਸ ਸੰਘਰਸ਼ ਵਿੱਚ ਸਾਥ ਦਿੰਦਿਆਂ ਮੁਲਾਜ਼ਮਾਂ ਵੱਲੋਂ ਸਕੂਟਰ, ਮੋਟਰਸਾਈਕਲ ਰੈਲੀ ਕੱਢੀ ਗਈ। ਦੱਸਣਯੋਗ ਹੈ ਕਿ ਇਹ ਮੁਲਾਜ਼ਮ ਬੀਤੀ 16 ਸਤੰਬਰ ਤੋਂ ਲਗਾਤਾਰ ਡੀਸੀ ਦਫਤਰ ਅੱਗੇ ਭੁੱਖ ਹੜਤਾਲ ’ਤੇ ਸਨ। ਇਹ ਰੈਲੀ ਲਗਭਗ 200 ਦੇ ਕਰੀਬ ਮੁਲਾਜ਼ਮਾਂ ਵੱਲੋਂ ਕੱਢੀ ਗਈ। ਵਪਾਰੀਆਂ, ਆੜਤੀਆਂ ਅਤੇ ਸਾਰੇ ਵਰਗਾਂ ਨੇ ਕਿਸਾਨਾਂ ਦੇ ਬੰਦ ਨੂੰ ਹਮਾਇਤ ਦਿੱਤੀ ਹੈ।
ਬਰਨਾਲਾ ਜ਼ਿਲ੍ਹੇ ‘ਚ 6 ਥਾਵਾਂ ‘ਤੇ ਕਿਸਾਨਾਂ ਵੱਲੋਂ ਧਰਨੇ ਲਗਾਏ ਜਾ ਰਹੇ ਹਨ। ਇਨ੍ਹਾਂ ਧਰਨਿਆਂ ‘ਚ ਬਠਿੰਡਾ-ਲੁਧਿਆਣਾ ਮਾਰਗ ਨੂੰ ਮਹਿਲ ਕਲਾਂ, ਚੰਡੀਗੜ੍ਹ ਫਰੀਦਕੋਟ ਮਾਰਗ ਨੂੰ ਪੱਖੋਂ ਕੈਂਚੀਆਂ, ਬਠਿੰਡਾ ਚੰਡੀਗੜ੍ਹ ਮਾਰਗ ਨੂੰ ਧਨੌਲਾ, ਲੁਧਿਆਣਾ ਮਾਨਸਾ ਮਾਰਗ ਨੂੰ ਰੂੜੇਕੇ ਕਲਾਂ, ਬਠਿੰਡਾ ਚੰਡੀਗੜ੍ਹ ਮਾਰਗ ਨੂੰ ਤਪਾ ਅਤੇ ਰੇਲ ਮਾਰਗ ਜਾਮ ਕੀਤੇ ਗਏ ਹਨ। ਜ਼ਿਲ੍ਹੇ ‘ਚ ਬੰਦ ਦੇ ਮੱਦੇਨਜ਼ਰ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ।
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਛੀਨੀਵਾਲ ਦੀ ਅਗਵਾਈ ‘ਚ ਕਿਸਾਨਾਂ ਦੇ ਕਾਫ਼ਲੇ ਬਰਨਾਲਾ ਸ਼ਹਿਰ ਨੂੰ ਮੁਕੰਮਲ ਬੰਦ ਕਰਵਾ ਦਿੱਤਾ ਗਿਆ ਹੈ। ਬਰਨਾਲਾ ਪੁਲਿਸ ਦੇ ਉਪ ਕਪਤਾਨ ਲਖਵੀਰ ਸਿੰਘ ਟਿਵਾਣਾ ਦੀ ਅਗਵਾਈ ‘ਚ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ।